ਮੋਹਾਲੀ(ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਦੇ ਸੈਕਟਰ 78 ਵਿੱਚ ਨਵੇਂ ਬਣ ਰਹੇ ਫਾਇਰ ਸਟੇਸ਼ਨ ਦਾ ਦੌਰਾ ਕੀਤਾ। ਇਸ ਫਾਇਰ ਸਟੇਸ਼ਨ ਦੀ ਬਿਲਡਿੰਗ ਬਣ ਕੇ ਤਿਆਰ ਹੈ ਅਤੇ ਇਥੇ ਚੱਲ ਰਹੇ ਕੰਮ ਦਾ ਮੇਅਰ ਨੇ ਨਿਰੀਖਣ ਕਰਨ ਦੇ ਨਾਲ-ਨਾਲ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਇਸ ਮੌਕੇ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਵੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।

ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਇਸ ਨਵੇਂ ਫਾਇਰ ਸਟੇਸ਼ਨ ਦੀ ਬਿਲਡਿੰਗ ਉਤੇ ਤਿੰਨ ਕਰੋੜ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਫਾਇਰ ਸਟੇਸ਼ਨ ਨੂੰ ਨਵੀਨਤਮ ਫਾਇਰ ਉਪਕਰਣਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਇਸ ਨਵੇਂ ਫਾਇਰ ਸਟੇਸ਼ਨ ਨਾਲ ਨਾ ਸਿਰਫ ਉਦਯੋਗਿਕ ਖੇਤਰ ਸਗੋਂ ਮੁਹਾਲੀ ਦੇ ਰਿਹਾਇਸ਼ੀ ਖੇਤਰ ਦੇ ਲਗਾਤਾਰ ਹੋ ਰਹੇ ਵਿਸਤਾਰ ਅਤੇ ਬਣ ਰਹੀਆਂ ਹਾਈ ਰਾਈਜ਼ ਬਿਲਡਿੰਗਾਂ ਵਿਚ ਅੱਗ ਦੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ।

ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਵਾਸਤੇ ਮੁਹਾਲੀ ਵਿੱਚ ਇੱਕ ਹੋਰ ਆਧੁਨਿਕ ਫਾਇਰ ਸਟੇਸ਼ਨ ਦੀ ਸਮੇਂ ਦੀ ਮੰਗ ਸੀ ਜਿਸਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਫਾਇਰ ਸਟੇਸ਼ਨ ਨਾਲ ਮੋਹਾਲੀ ਸਮੇਤ ਨਾਲ ਲਗਦੇ ਇਲਾਕਿਆਂ ਨੂੰ ਵੀ ਸਹੂਲਤ ਮਿਲੇਗੀ।

ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਸ਼ਹਿਰ ਵਿਚ ਵਿਕਾਸ ਦੇ ਕਾਰਜ ਪੂਰੀ ਤੇਜ਼ ਗਤੀ ਨਾਲ ਚੱਲ ਰਹੇ ਹਨ ਅਤੇ ਵਿਕਾਸ ਦੇ ਕੰਮਾਂ ਵਾਸਤੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ।

ਹਾਈ ਰਾਈਜ਼ ਬਿਲਡਿੰਗਾਂ ਵਾਸਤੇ ਖਰੀਦੇ ਜਾਣਗੇ ਵਿਸ਼ੇਸ਼ ਉਪਕਰਨ :ਬੇਦੀ

ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਵਿੱਚ ਖਾਸ ਤੌਰ ਤੇ ਨਵੇਂ ਇਲਾਕਿਆਂ ਵਿੱਚ ਹਾਈ ਰਾਈਜ਼ ਬਿਲਡਿੰਗਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿਚ ਅੱਗ ਦੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਵਿਸ਼ੇਸ਼ ਉਪਕਰਨ ਖਰੀਦੇ ਜਾਣਗੇ ਜਿਨ੍ਹਾਂ ਵਿੱਚ ਹਾਈਡਰੋਲਿਕ ਪਲੇਟਫਾਰਮ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਵਿਚ ਅੱਗ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ ਅਤੇ ਇਸ ਨਵੇਂ ਫਾਇਰ ਸਟੇਸ਼ਨ ਨਾਲ ਪੁਰਾਣੇ ਫਾਇਰ ਸਟੇਸ਼ਨ ਉਤੇ ਪੈ ਰਿਹਾ ਭਾਰ ਅਤੇ ਦਬਾਅ ਵੀ ਘਟੇਗਾ।

Leave a Reply

Your email address will not be published. Required fields are marked *