ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:- ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਮੋਹਾਲੀ ਵਲੋਂ ਫੇਜ਼-5 ਦੇ ਖੇਡ ਸਟੇਡੀਅਮ ਦਾ ਦੌਰਾ ਕਰਨ ਉਪਰੰਤ ਦੋ ਹਫ਼ਤਿਆਂ ਵਿੱਚ ਖੋਲ੍ਹੇ ਜਾਣ ਦੇ ਦਿੱਤੇ ਨਿਰਦੇਸ਼ਾਂ ਦਾ ਸੁਆਗਤ ਕੀਤਾ ਹੈ। ਇਸ ਦੇ ਨਾਲ-ਨਾਲ ਡਿਪਟੀ ਮੇਅਰ ਨੇ ਇਹ ਵੀ ਮੰਗ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਬਾਕੀ ਦੇ ਬੰਦ ਪਏ ਖੇਡ ਸਟੇਡੀਅਮ ਖੁਲ੍ਹਵਾਉਣ ਲਈ ਵੀ ਨਿਰਦੇਸ਼ ਜਾਰੀ ਕਰਨ। ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡ ਸਟੇਡੀਅਮ ਦੀ ਰੈਨੋਵੇਸ਼ਨ ਕਰਨ ਤੋਂ ਬਾਅਦ ਇਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਗਮਾਡਾ ਇਹਨਾਂ ਨੂੰ ਪਤਾ ਨਹੀਂ ਕਿਉਂ ਖੋਲ੍ਹ ਨਹੀਂ ਰਿਹਾ।
ਇਥੇ ਜਿਕਰਯੋਗ ਹੈ ਕਿ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਮਾਮਲੇ ਵਿਚ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਕ ਬੇਨਤੀ ਪੱਤਰ ਦਿੱਤਾ ਸੀ ਜਿਸ ਰਾਹੀਂ ਮੰਗ ਕੀਤੀ ਗਈ ਸੀ ਕਿ ਬੰਦ ਪਏ ਖੇਡ ਸਟੇਡੀਅਮਾਂ ਨੂੰ ਖੁਲ੍ਹਵਾਇਆ ਜਾਵੇ।
ਇਸ ਮਾਮਲੇ ਵਿਚ ਬੀਤੇ ਕੱਲ ਡਿਪਟੀ ਕਮਿਸ਼ਨਰ ਨੇ ਫੇਜ਼-5 ਦੇ ਖੇਡ ਸਟੇਡੀਅਮ ਦਾ ਦੌਰਾ ਕੀਤਾ ਸੀ। ਇਸ ਮੌਕੇ ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਦੇਣ ਵਾਸਤੇ ਮੋਹਾਲੀ ਸ਼ਹਿਰ ਦੇ 5 ਸਟੇਡੀਅਮਾਂ ਦਾ ਤਕਰੀਬਨ 5 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਹੈ।
ਡੀਸੀ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਦੇ ਫੇਜ਼ 5, ਫੇਜ਼ 6, ਫੇਜ਼ 7, ਫੇਜ਼ 11 ਅਤੇ ਸੈਕਟਰ 71 ਦੇ ਸਟੇਡੀਅਮ ਦਾ ਨਵੀਨੀਕਰਨ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਵਧੀਆ ਮਾਹੌਲ ਅਤੇ ਮਿਆਰੀ ਖੇਡ ਸਹੂਲਤਾਂ ਪ੍ਰਾਪਤ ਹੋ ਸਕਣ। ਇਨ੍ਹਾਂ ਸਟੇਡੀਅਮਾਂ ਦਾ ਪ੍ਰਬੰਧ ਗਮਾਡਾ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਦੋ ਹਫ਼ਤਿਆਂ ਦੇ ਵਿੱਚ ਫੇਜ਼ 5 ਦੇ ਖੇਡ ਸਟੇਡੀਅਮ ਨੂੰ ਖੋਲ੍ਹਣ ਦੇ ਨਿਰਦੇਸ਼ ਜਾਰੀ ਕੀਤੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਅਸ਼ਿਕਾ ਜੈਨ ਦਾ ਧੰਨਵਾਦ ਕਰਦਿਆਂ ਕਿਹਾ ਕੇ ਗਮਾਡਾ ਅਧਿਕਾਰੀਆਂ ਨੇ ਲਗਭਗ ਦੋ ਸਾਲ ਪਹਿਲਾਂ ਖੇਡ ਸਟੇਡੀਅਮਾਂ ਦੀ ਰੈਨੋਵੇਸ਼ਨ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਰੈਨੋਵੇਸ਼ਨ ਤੋਂ ਬਾਅਦ ਵੀ ਇਹ ਖੇਡ ਸਟੇਡੀਅਮ ਪਿਛਲੇ ਇੱਕ ਸਾਲ ਤੋਂ ਬੰਦ ਪਏ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮੁੜ ਬੇਨਤੀ ਕੀਤੀ ਕਿ ਬਾਕੀ ਦੇ ਬੰਦ ਪਏ ਖੇਡ ਸਟੇਡੀਅਮ ਵੀ ਫੌਰੀ ਤੌਰ ਤੇ ਖੁਲ੍ਹਵਾਏ ਜਾਣ ਤਾਂ ਜੋ ਵੱਖ-ਵੱਖ ਇਲਾਕਿਆਂ ਵਿੱਚ ਰਹਿਣ ਵਾਲੇ ਖਿਡਾਰੀਆਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਦਾ ਲਾਭ ਹੋ ਸਕੇ।