ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ-: ਸੀਨੀਅਰ ਭਾਜਪਾ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਜੇ ਉਹ ਮੋਹਾਲੀ ਨੂੰ ਸੱਚੀਂਮੁੱਚੀਂ ਸਮਾਰਟ ਸਿਟੀ ਵਜੋਂ ਵਿਕਸਤ ਕਰਨਾ ਲੋਚਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਸ਼ਹਿਰ ਵਿਚ ਸੜਕਾਂ ਉਤੇ ਖੁੱਲੇ ਸ਼ਰਾਬ ਦੇ ਠੇਕਿਆਂ ਅਤੇ ਅਹਾਤਿਆਂ ਨੂੰ ਮਾਰਕਿਟਾਂ ਵਿਚ ਭੇਜਣ ਦੇ ਹੁਕਮ ਦੇਣ। ਉਹਨਾਂ ਕਿਹਾ ਕਿ ਸੜਕਾਂ ਉਤੇ ਆਰਜੀ ਸ਼ੈਡ ਬਣਾ ਕੇ ਖੋਲ੍ਹੇ ਗਏ ਠੇਕੇ ਅਤੇ ਅਹਾਤੇ ਨੇੜਲੇ ਵਸਨੀਕਾਂ ਅਤੇ ਰਾਹਗੀਰਾਂ ਲਈ ਬਹੁਤ ਵੱਡੀ ਸਿਰਦਰਦੀ ਬਣੇ ਹੋਏ ਹਨ।
ਸ਼੍ਰੀ ਸਿੱਧੂ ਨੇ ਕਿਹਾ ਕਿ ਸਮੇਂ ਵਾਈ.ਪੀ.ਐਸ. ਚੌਕ ਵਿਚ ਸੜਕ ਕਿਨਾਰੇ ਖੁੱਲਿਆ ਠੇਕਾ ਅਤੇ ਅਹਾਤਾ ਚੰਡੀਗੜ੍ਹ ਤੋਂ ਮੋਹਾਲੀ ਸ਼ਹਿਰ ਵਿਚ ਦਾਖਲ ਹੋਣ ਵਾਲੇ ਸ਼ਹਿਰੀਆਂ ਅਤੇ ਰਾਹਗੀਰਾਂ ਦਾ ਸਵਾਗਤ ਕਰਦਾ ਹੈ। ਉਹਨਾ ਕਿਹਾ ਕਿ ਸ਼ਾਮ ਵੇਲੇ ਇਥੇ ਗਾਹਕਾਂ ਅਤੇ ਪਿਆਕੜਾਂ ਦੀਆਂ ਲਗਦੀਆਂ ਲੰਬੀਆਂ ਲਾਈਨਾਂ ਜਿਥੇ ਆਵਾਜਾਈ ਵਿਚ ਵਿਘਨ ਪਾਉਂਦੀਆਂ ਹਨ ਉਥੇ ਨੌਜਵਾਨਾਂ ਖਾਸ ਕਰ ਕੇ ਬੱਚਿਆਂ ਦੀ ਅੱਲੜ ਮਾਨਸਿਕਤਾ ਉਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਸ਼੍ਰੀ ਸਿੱਧੂ ਨੇ ਕਿਹਾ ਅਜਿਹੀਆਂ ਥਾਵਾਂ ਉਤੇ ਕਿਸੇ ਵੇਲੇ ਵੀ ਕੋਈ ਦੁਰਘਟਨਾ ਵਾਪਰ ਸਕਦੀ ਹੈ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਵਾਈ.ਪੀ.ਐਸ. ਚੌਕ ਤੋਂ ਬਿਨਾਂ, ਗੁਰਦੁਆਰਾ ਸਾਹਿਬ ਸੋਹਾਣਾ ਅਤੇ ਸੈਕਟਰ 69-70 ਦੀਆਂ ਲਾਈਟਾਂ ਨੇੜੇ ਆਰਜ਼ੀ ਸ਼ੈਡਾਂ ਵਿਚ ਚੱਲ ਰਹੇ ਠੇਕੇ ਲੋਕਾਂ ਲਈ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਉਹਨਾਂ ਕਿਹਾ ਕਿ ਇਥੇ ਨਿੱਤ-ਦਿਨ ਹੁੰਦੇ ਲੜਾਈ ਝਗੜੇ ਕਿਸੇ ਵੇਲੇ ਵੀ ਕਿਸੇ ਵੱਡੀ ਦੁਰਘਟਨਾ ਬਣ ਸਕਦੇ ਹਨ। ੳਹਨਾਂ ਕਿਹਾ ਕਿ ਇਸ ਲਈ ਪੇਸ਼ਗੀ ਕਦਮ ਚੁੱਕਦਿਆਂ ਸ਼ਹਿਰ ਦੇ ਸਾਰੇ ਠੇਕਿਆਂ ਅਤੇ ਅਹਾਤਿਆਂ ਨੂੰ ਅਧਿਕਾਰਤ ਮਾਰਕਿਟਾਂ ਵਿਚ ਤਬਦੀਲ ਕਰਨਾ ਚਾਹੀਦਾ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਹ ਫੈਸਲਾ ਕਈ ਸਾਲ ਪਹਿਲਾਂ ਲੈ ਲਿਆ ਗਿਆ ਸੀ ਅਤੇ ਅੱਜ ਕੋਈ ਵੀ ਠੇਕਾ ਜਾਂ ਅਹਾਤਾ ਮਾਰਕਿਟਾਂ ਤੋਂ ਬਾਹਰ ਆਰਜ਼ੀ ਸ਼ੈਡਾਂ ਵਿਚ ਨਹੀਂ ਚੱਲ ਰਿਹਾ। ਉਹਨਾਂ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਾਰਜ ਕਰ ਦਿੰਦੇ ਹਨ ਤਾਂ ਮੋਹਾਲੀ ਨੂੰ ਸਮਾਰਟ ਸਿਟੀ ਬਣਾਉਣ ਵੱਲ ਉਹਨਾਂ ਦਾ ਇਹ ਪਹਿਲਾ ਸਾਰਥਿਕ ਕਦਮ ਹੋਵੇਗਾ।

Leave a Reply

Your email address will not be published. Required fields are marked *