ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ-: ਸ਼ਹਿਰ ਵਿਚ ਚੱਲ ਰਹੀ ਬਿਜਲੀ ਦੀ ਦਿਕਤ ਨੂੰ ਲੈ ਕੇ ਵੀ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਉਹ ਅੱਜ ਮੋਹਾਲੀ ਵਿੱਚ ਪੀ ਐਸ ਪੀ ਸੀ ਐਲ ਦੇ ਐਸਈ ਨੂੰ ਮੰਗ-ਪੱਤਰ ਦੇਣ ਗਏ ਸਨ ਪਰ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਪੀਐਸਪੀਸੀਐਲ ਦੇ ਐਕਸੀਅਨ ਨੂੰ ਉਨ੍ਹਾਂ ਨੇ ਆਪਣਾ ਮੰਗ ਪੱਤਰ ਦਿੱਤਾ ਹੈ। ਮੰਗ-ਪੱਤਰ ਵਿਚ ਫੇਜ਼ 3ਬੀ2 ਸਮੇਤ ਮੋਹਾਲੀ ਸ਼ਹਿਰ ਵਿੱਚ ਰਾਤ ਸਮੇਂ ਬਿਜਲੀ ਦੀ ਸਪਲਾਈ ਠੀਕ ਕਰਨ ਦੀ ਮੰਗ ਕੀਤੀ ਗਈ ਹੈ।
ਆਪਣੇ ਪੱਤਰ ਵਿੱਚ ਕੁਲਜੀਤ ਸਿੰਘ ਬੇਦੀ ਨੇ ਲਿਖਿਆ ਹੈ ਕਿ ਫੇਜ਼ 3ਬੀ2 ਸਮੇਤ ਸਾਰੇ ਸ਼ਹਿਰ ਵਿੱਚ ਬਿਜਲੀ ਦੀ ਸਪਲਾਈ ਦਾ ਬਹੁਤ ਮਾੜਾ ਹਾਲ ਹੈ I ਰਾਤ ਸਮੇਂ ਵੋਲਟੇਜ ਬਹੁਤ ਜ਼ਿਆਦਾ ਘੱਟ -ਵੱਧ ਹੁੰਦੀ ਹੈ, ਜਿਸ ਕਾਰਨ ਜਿੱਥੇ ਸ਼ਹਿਰ ਵਾਸੀ ਗਰਮੀ ਦੇ ਇਸ ਮੌਸਮ ਵਿੱਚ ਬਿਜਲੀ ਦੀ ਸਹੀ ਸਪਲਾਈ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਹੀ ਬਿਜਲੀ ਦੇ ਉਪਕਰਨਾਂ ਦੇ ਖਰਾਬ ਹੋਣ ਦਾ ਵੀ ਡਰ ਬਹੁਤ ਜ਼ਿਆਦਾ ਰਹਿੰਦਾ ਹੈ I
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼ਹਿਰ ਵਿੱਚ ਟਰਾਂਸਫਾਰਮਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਬਿਜਲੀ ਦੀਆਂ ਤਾਰਾਂ ਦਾ ਜਾਲ ਬਹੁਤ ਜ਼ਿਆਦਾ ਵਿਛਿਆ ਹੋਇਆ ਹੈ I ਪ੍ਰੰਤੂ ਬਿਜਲੀ ਮਹਿਕਮੇ ਕੋਲ ਲਾਈਨਮੈਨਾਂ ਦੀ ਗਿਣਤੀ ਬਹੁਤ ਘੱਟ ਹੈ ਜਿਸ ਕਾਰਨ ਬਿਜਲੀ ਦੀ ਸਪਲਾਈ ਅਤੇ ਇਕੋ ਸਮੇਂ ਕਈ ਟਰਾਂਸਫਾਰਮਰਾਂ ਦੇ ਫਿਊਜ਼ ਉੱਡ ਜਾਣ ਕਾਰਨ ਟਰਾਂਸਫਾਰਮਰਾਂ ਦੀ ਮੁਰੰਮਤ ਸਹੀ ਸਮੇਂ ਤੇ ਠੀਕ ਨਹੀਂ ਹੋ ਪਾਉਂਦੀ, ਜਿਸ ਕਾਰਨ ਰਾਤ ਸਮੇਂ ਛੋਟੇ -ਛੋਟੇ ਬੱਚੇ ਅਤੇ ਬਜ਼ੁਰਗ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਦੇ ਹਨI
ਉਹਨਾਂ ਆਪਣੇ ਮੰਗ ਪੱਤਰ ਚੇਤਾਵਨੀ ਦਿਤੀ ਕਿ ਜੇਕਰ ਇਹ ਕੰਮ ਪਹਿਲ ਦੇ ਆਧਾਰ ਤੇ ਨਾ ਕੀਤਾ ਗਿਆ ਤਾਂ ਸ਼ਹਿਰ ਵਾਸੀ ਬਿਜਲੀ ਵਿਭਾਗ ਦੇ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਅਤੇ ਜਰੂਰਤ ਪੈਣ ਤੇ ਸੜਕਾਂ ਤੇ ਧਰਨਾ ਦੇਣ ਲਈ ਆ ਜਾਣਗੇ I ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਲਾਈਨਮੈਨਾਂ ਦੀ ਗਿਣਤੀ ਵਧਾਈ ਜਾਵੇ ਅਤੇ ਬਿਜਲੀ ਦੀ ਸਪਲਾਈ ਨੂੰ ਦਰੁਸਤ ਕੀਤਾ ਜਾਵੇ, ਤਾਂ ਜੋ ਸ਼ਹਿਰ ਵਾਸੀ ਰਾਤ ਨੂੰ ਚੈਨ ਦੀ ਨੀਂਦ ਸੋ ਸਕਣ ਅਤੇ ਬਿਜਲੀ ਦੀ ਸਪਲਾਈ ਤੋਂ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨ।