ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਦੀ ਸਰਕਾਰ ਬਣ ਕੇ ਰਹਿ ਗਈ ਹੈ।ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਏਅਰਪੋਰਟ ਰੋਡ ਉੱਤੇ ਲਗਭਗ ਹਰ ਇਕ ਖੰਭੇ ਉਤੇ ਲਗਾਏ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ਼ਤਿਹਾਰੀ ਬੋਰਡਾਂ ਉੱਤੇ ਸਵਾਲ ਖੜੇ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਿਰਫ ਇੱਕ ਘੰਟੇ ਦੇ ਪ੍ਰੋਗਰਾਮ ਵਾਸਤੇ ਮੁਹਾਲੀ ਦੀ ਪੂਰੀ ਏਅਰਪੋਰਟ ਰੋਡ ਸਮੇਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਅਤੇ ਪੂਰੇ ਪੰਜਾਬ ਵਿਚ ਕਰੋੜਾਂ ਰੁਪਏ ਖਰਚ ਕਰਕੇ ਇਹ ਇਸ਼ਤਿਹਾਰੀ ਬੋਰਡ ਲਗਾਏ ਗਏ ਹਨ ਅਤੇ ਮੁੱਖ ਅਖਬਾਰਾਂ ਵਿੱਚ ਕਰੋੜਾਂ ਰੁਪਏ ਦੇ ਇਸ਼ਤਿਹਾਰ ਵੀ ਦਿੱਤੇ ਗਏ ਜੋ ਕਿ ਸਿੱਧੇ ਤੌਰ ਤੇ ਸਰਕਾਰ ਦੀ ਫਜੂਲ ਖਰਚੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੱਡਾ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾਈਆਂ ਸਨ ਕਿਉਂਕਿ ਲੋਕਾਂ ਨੂੰ ਰਵਾਇਤੀ ਪਾਰਟੀਆਂ ਦੇ ਖ਼ਿਲਾਫ਼ ਬਹੁਤ ਗੁੱਸਾ ਸੀ ਅਤੇ ਉਹਨਾਂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿਤ ਵਿਚ ਫੈਸਲੇ ਲਵੇਗੀ ਪਰ ਹੁਣ ਲੋਕਾਂ ਨੂੰ ਲੱਗਣ ਲੱਗ ਪਿਆ ਹੈ ਕਿ ਇਹ ਸਰਕਾਰ ਤਾਂ ਲੋਕਾਂ ਦੇ ਟੈਕਸਾਂ ਦੇ ਪੈਸੇ ਨੂੰ ਇਸ਼ਤਿਹਾਰਬਾਜ਼ੀ ਅਤੇ ਫਜ਼ੂਲ ਖਰਚੀ ਉੱਤੇ ਹੀ ਖਰਚ ਕਰ ਰਹੀ ਹੈ।

ਉਹਨਾਂ ਇਸ ਮੌਕੇ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਉੱਤੇ 200 ਰੁਪਏ ਦੇ ਲਗਾਏ ਗਏ ਵਾਧੂ ਬੋਝ ਨੂੰ ਸਰਕਾਰ ਦਾ ਐਡਵਰਟਾਈਜ਼ਮੈਂਟ ਟੈਕਸ ਦਸਦਿਆਂ ਡਿਪਟੀ ਮੇਅਰ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਇਸ਼ਤਿਹਾਰਬਾਜ਼ੀ ਤੇ ਫਜ਼ੂਲ ਖਰਚੀ ਕਰਨ ਲਈ ਕਰਮਚਾਰੀਆਂ ਉੱਤੇ 200 ਰੁਪਏ ਟੈਕਸ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਅਜਿਹੇ ਫ਼ੈਸਲੇ ਲੈਂਦੀ ਹੈ ਜਿਨ੍ਹਾਂ ਨੂੰ ਬਾਅਦ ਵਿੱਚ ਵਾਪਸ ਲੈਣਾ ਪੈਂਦਾ ਹੈ ਤਾਂ ਫਿਰ ਅਜਿਹੇ ਫੈਸਲੇ ਲੈਣ ਦੀ ਲੋੜ ਹੀ ਕਿਉਂ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਦੀ ਨਾ ਤਜਰਬੇਕਾਰੀ ਝਲਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਆਪਣਾ ਫੈਸਲਾ ਵਾਪਸ ਲਵੇ ਨਹੀ ਤਾਂ ਇਸਦੇ ਖਿਲਾਫ਼ ਲੋਕਾਂ ਵਿੱਚ ਰੋਸ ਵਧੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲਗਭਗ ਹਰੇਕ ਵਰਗ ਸਰਕਾਰ ਦੇ ਖਿਲਾਫ ਧਰਨੇ ਤੇ ਉਤਾਰੂ ਹੋ ਚੁੱਕਿਆ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਆਪਣੀ ਹੀ ਚੁਣੀ ਹੋਈ ਸਰਕਾਰ ਤੋਂ ਖੁਸ਼ ਨਹੀਂ ਹਨ।

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜੇ ਸਰਕਾਰ ਇਸੇ ਤਰ੍ਹਾਂ ਲੋਕ ਵਿਰੋਧੀ ਫ਼ੈਸਲੇ ਲੈਂਦੀ ਰਹੂ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਦਾ ਖਮਿਆਜਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *