ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਨਗਰ ਨਿਗਮ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੀਸੀਏ ਸਟੇਡੀਅਮ ਨੂੰ ਵਿਸ਼ਵ ਕ੍ਰਿਕਟ ਕੱਪ ਦਾ ਕੋਈ ਮੈਚ ਨਾ ਦਿੱਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕੇ ਪੰਜਾਬ ਨਾਲ ਹਰ ਤਰਾਂ ਦਾ ਹੈ ਵਿਤਕਰਾ ਜਾਰੀ ਹੈ ਅਤੇ ਹੁਣ ਖੇਡਾਂ ਦੇ ਮਾਮਲੇ ਵਿੱਚ ਵੀ ਪੰਜਾਬ ਨਾਲ ਵਿਤਕਰਾ ਸ਼ੁਰੂ ਹੋ ਗਿਆ ਹੈ ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਾ ਸਿਰਫ ਮੁਹਾਲੀ ਦੇ ਫੇਜ਼-9 ਵਿੱਚ ਅੰਤਰ ਰਾਸ਼ਟਰੀ ਪੱਧਰ ਦਾ ਪੀਸੀਏ ਕ੍ਰਿਕਟ ਸਟੇਡੀਅਮ ਮੌਜੂਦ ਹੈ, ਸਗੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਇਸ ਤੋਂ ਵੀ ਵਧੀਆ ਸਟੇਡੀਅਮ ਨਿਊ ਚੰਡੀਗੜ੍ਹ ਵਿੱਚ ਉਸਾਰਿਆ ਹੈ ਜੋ ਬਣ ਕੇ ਤਿਆਰ ਹੋ ਚੁੱਕਿਆ ਹੈ।
ਉਹਨਾਂ ਕਿਹਾ ਕਿ ਵਿਸ਼ਵ ਕੱਪ ਦੇ ਤਿੰਨ ਮੈਚ ਗੁਜਰਾਤ ਨੂੰ ਦੇਣੇ ਅਤੇ ਚਾਰ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਖੇਡ ਸਟੇਡੀਅਮ ਦੇਣੇ ਇਹ ਸਾਬਤ ਕਰਦੇ ਹਨ ਕਿ ਹੈ ਕੇਂਦਰ ਸਰਕਾਰ ਪੰਜਾਬ ਨਾਲ ਜਾਣਦੇ ਬੁਝਦੇ ਹੋਏ ਭਾਰੀ ਵਿਤਕਰਾ ਕਰਦੀ ਰਹੀ ਹੈ ਅਤੇ ਹੁਣ ਵੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਹਾਲੀ ਸਥਿਤ ਕ੍ਰਿਕਟ ਸਟੇਡੀਅਮ ਵਿਚ ਵਿਸ਼ਵ ਕੱਪ ਕ੍ਰਿਕਟ ਮੈਚ ਹਮੇਸ਼ਾ ਹੁੰਦੇ ਰਹੇ ਹਨ ਅਤੇ ਇਹ ਪਹਿਲੀ ਵਾਰ ਹੋਇਆ ਜਦੋਂ ਵਿਸ਼ਵ ਕੱਪ ਦੇ ਮੈਚ ਮੁਹਾਲੀ ਦੇ ਪੀਸੀਏ ਕ੍ਰਿਕਟ ਸਟੇਡੀਅਮ ਨੂੰ ਨਹੀਂ ਮਿਲੇ। ਉਹਨਾਂ ਕਿਹਾ ਕਿ ਦੁਨੀਆਂ ਭਰ ਦੇ ਖੇਡ ਮਾਹਰ ਇਹ ਮੰਨਦੇ ਹਨ ਕਿ ਮੋਹਾਲੀ ਦੇ ਪੀ ਸੀ ਏ ਸਟੇਡੀਅਮ ਦੀ ਕ੍ਰਿਕਟ ਪਿਚ ਬਹੁਤ ਸ਼ਾਨਦਾਰ ਹੈ ਅਤੇ ਇੱਥੇ ਰੋਮਾਂਚਕ ਖੇਡ ਮੈਚ ਹੁੰਦੇ ਹਨ ਪਰ ਇਸ ਖ਼ੂਬੀ ਨੂੰ ਵੀ ਅਣਗੌਲਿਆਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਵਿੱਚ ਵਿਸ਼ਵ ਕੱਪ ਦੇ ਮੈਚ ਹੋਣ ਨਾਲ ਉਥੇ ਸਾਰੀ ਦੁਨੀਆਂ ਭਰ ਤੋਂ ਲੋਕ ਆਉਂਦੇ ਹਨ ਜਿਸ ਨਾਲ ਇਲਾਕੇ ਵਿੱਚ ਵਪਾਰ ਵੀ ਵਧਦਾ ਹੈ ਅਤੇ ਟੂਰੀਜਮ ਵੀ ਪ੍ਰਮੋਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੋਹਾਲੀ ਵਿਚਲੇ ਪੀਸੀਏ ਕ੍ਰਿਕਟ ਸਟੇਡੀਅਮ ਨੂੰ ਵਿਸ਼ਵ ਕੱਪ ਦੇ ਕ੍ਰਿਕਟ ਮੈਚ ਨਾ ਦੇ ਕੇ ਕੇਂਦਰ ਨੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਅਤੇ ਖੇਡ ਨੂੰ ਵੀ ਸਿਆਸੀ ਰੂਪ ਦੇ ਦਿੱਤਾ ਗਿਆ ਹੈ।