ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮਣੀਪੁਰ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮਣੀਪੁਰ ਦੇ ਮੁਖ ਮੰਤਰੀ ਦੀ ਤੁਰੰਤ ਬਰਖਾਸਤਗੀ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਮਣੀਪੁਰ ਵਿਚ ਹਾਲਾਤ ਬਦ ਤੋਂ ਬਦਤਰ ਹਨ। ਡਬਲ ਇੰਜਣ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਮਣੀਪੁਰ ਵਿੱਚ ਫੌਰੀ ਤੌਰ ਤੇ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਬੇਟੀਆਂ ਨੂੰ ਨਗਨ ਅਵਸਥਾ ਵਿੱਚ ਘੁਮਾ ਕੇ ਉਹਨਾਂ ਨਾਲ ਜੋ ਸ਼ਰਮਨਾਕ ਹਰਕਤਾਂ ਕੀਤੀਆਂ ਗਈਆਂ ਹਨ ਉਸ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਡਿਪਟੀ ਮੇਅਰ ਨੇ ਕਿਹਾ ਕਿ ਮ ਮਣੀਪੁਰ ਦੀ ਇਸ ਘਟਨਾ ਨੂੰ ਭਾਜਪਾ ਦੇ ਮੁੱਖ ਮੰਤਰੀ ਨੇ ਦਬਾਉਣ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸਿਰਫ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜੇਕਰ ਇਸਦੀ ਵੀਡੀਓ ਸਾਹਮਣੇ ਨਾ ਆਉਂਦੀ ਤਾਂ ਇਸ ਮਾਮਲੇ ਨੂੰ ਦਬਾਉਣ ਦੀ ਪੂਰੀ ਪਲੈਨਿੰਗ ਹੋ ਚੁੱਕੀ ਸੀ।

ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਮਣੀਪੁਰ ਅੱਗ ਵਿੱਚ ਚੱਲ ਰਿਹਾ ਹੈ ਪਰ ਇਸ ਦੌਰਾਨ ਪ੍ਰਧਾਨ ਮੰਤਰੀ ਦਾ ਇਸ ਸਬੰਧੀ ਚੁੱਪੀ ਵੱਟੀ ਰੱਖਣਾ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਵੀਡਿਓ ਸਾਹਮਣੇ ਆਈ ਹੈ ਤਾਂ ਜਾ ਕੇ ਪ੍ਰਧਾਨ ਮੰਤਰੀ ਦੀ ਚੁੱਪੀ ਟੁੱਟੀ ਹੈ ਪਰ ਇਸ ਦੌਰਾਨ ਵੀ ਰਾਜਨੀਤੀ ਨੂੰ ਇਸ ਘਟਨਾ ਉੱਤੇ ਹਾਵੀ ਕਰਨ ਦਾ ਪੂਰਾ ਯਤਨ ਕੀਤਾ ਗਿਆ ਹੈ ਜੋ ਕਿ ਬੇਹਦ ਸ਼ਰਮਨਾਕ ਹੈ।

ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਮਣੀਪੁਰ ਵਿੱਚ ਹੋਈ ਇਹ ਘਟਨਾ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਬਹੁਤ ਵੱਡੀ ਘਟਨਾ ਹੈ ਜਿਸ ਉੱਤੇ ਹੁਣ ਪਰਦਾ ਪਾਉਣ ਲਈ ਤੇ ਇਸ ਨੂੰ ਕਾਊਂਟਰ ਕਰਨ ਲਈ ਭਾਜਪਾ ਦੇ ਵੱਡੀ ਆਗੂ ਇਸ ਵੀਡੀਓ ਨੂੰ ਜਾਰੀ ਕਰਨ ਦੇ ਸਮੇਂ ਨੂੰ ਲੈ ਕੇ ਸਾਜਿਸ਼ ਦੱਸਣ ਲੱਗ ਪਏ ਹਨ ਅਤੇ ਦੇਸ਼ ਵਿੱਚ ਵੱਖ ਵੱਖ ਸੂਬਿਆਂ ਵਿੱਚ ਵਿਰੋਧੀ ਧਿਰਾਂ ਵੱਲੋਂ ਚਲਾਈਆਂ ਜਾ ਰਹੀਆਂ ਸਰਕਾਰਾਂ ਉੱਤੇ ਸਵਾਲ ਖੜੇ ਕਰ ਰਹੇ ਹਨ ਤਾਂ ਜੋ ਮਣੀਪੁਰ ਦੀ ਘਟਨਾ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ ਪਰ ਦੇਸ਼ ਦੇ ਲੋਕ ਇਨ੍ਹਾਂ ਆਗੂਆਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ।

ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਹੀ ਦੇਸ਼ ਦੀਆਂ ਪਹਿਲਵਾਨ ਬੇਟੀਆਂ ਨਾਲ ਛੇੜਛਾੜ ਕਰਨ ਵਾਲੇ ਕੇਂਦਰੀ ਮੰਤਰੀ ਬ੍ਰਜ ਭੂਸ਼ਨ ਦੇ ਰਿਮਾਂਡ ਲਈ ਦਿੱਲੀ ਪੁਲੀਸ ਨੇ ਅਦਾਲਤ ਵਿੱਚ ਮੰਗ ਹੀ ਨਹੀਂ ਕੀਤੀ ਜਿਸ ਦੇ ਚਲਦੇ ਉਸਦੀ ਜ਼ਮਾਨਤ ਹੋ ਗਈ।

ਉਹਨਾਂ ਕਿਹਾ ਕਿ ਦੇਸ਼ ਭਾਰਤੀ ਜਨਤਾ ਪਾਰਟੀ ਜਵਾਬ ਮੰਗਦਾ ਹੈ ਤਾਂ ਇਸ ਦੇ ਆਗੂ ਬੜੀ ਬੇਸ਼ਰਮੀ ਨਾਲ ਮੁੱਦੇ ਨੂੰ ਹੋਰ ਪਾਸੇ ਉਲਝਾਉਣ ਦਾ ਯਤਨ ਕਰਦੇ ਹਨ। ਦੇਸ਼ ਸਭ ਕੁੱਝ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਮਣੀਪੁਰ ਦੀ ਇਹ ਘਟਨਾ ਭਾਰਤੀ ਜਨਤਾ ਪਾਰਟੀ ਦੇ ਮੱਥੇ ਉੱਤੇ ਇੱਕ ਬਹੁਤ ਵੱਡਾ ਕਲੰਕ ਹੈ ਅਤੇ 2024 ਦੀਆਂ ਚੋਣਾਂ ਵਿਚ ਲੋਕ ਭਾਜਪਾ ਨੂੰ ਇਸ ਦਾ ਜਵਾਬ ਦੇਣਗੇ।

Leave a Reply

Your email address will not be published. Required fields are marked *