ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਵਿਨੀਤ ਵਰਮਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 9400 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 11 ਹਜਾਰ ਰੁਪਏ ਪ੍ਰਤੀ ਮਹੀਨਾ ਕਰਨਾ ਇਤਿਹਾਸਿਕ ਫੈਸਲਾ ਹੈ।
ਪ੍ਰਧਾਨ ਵਰਮਾਂ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ ਵਿੱਚ ਵਾਧਾ ਕਰਨ ਸਬੰਧੀ ਸੁਤੰਤਰਤਾ ਸੰਗਰਾਮੀ ਭਲਾਈ ਵਿਭਾਗ ਤੋਂ ਪ੍ਰਾਪਤ ਤਜ਼ਵੀਜ ਤੇ ਵਿਚਾਰ ਕਰਦਿਆਂ ਵਿੱਤ ਵਿਭਾਗ ਵੱਲੋਂ ਇਸ ਲਾਭ ਕਾਰਜ ਲਈ ਲੋੜੀਂਦੇ ਸਾਲਾਨਾ ਬਜ਼ਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਸ ਫੈਸਲੇ ਨਾਲ 545 ਲਾਭਪਾਤਰੀਆਂ, ਜਿੰਨਾਂ ਵਿੱਚ ਖੁਦ ਆਜ਼ਾਦੀ ਘੁਲਾਟੀਏ, ਮਿ੍ਤਕ ਆਜ਼ਾਦੀ ਘੁਲਾਟੀਆਂ ਦੀਆਂ ਵਿਧਵਾਵਾਂ ਜਾਂ ਅਣਵਿਆਹੇ ਤੇ ਬੇਰੁਜ਼ਗਾਰ ਲੜਕੀਆਂ ਤੇ ਲੜਕੇ ਸ਼ਾਮਿਲ ਹਨ, ਨੂੰ ਸਿੱਧੇ ਤੌਰ ‘ਤੇ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਅਸੀਂ ਉਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਉਤਾਰ ਸਕਦੇ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਉਨਾਂ ਦੇ ਮਾਨ-ਸਨਮਾਨ ਲਈ ਵਚਨਬੱਧ ਹੈ।