ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਸ਼ਿਆਂ ਦੀ ਰੋਕਥਾਮ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ੍ਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰੋਜ਼ ਨੌਜਵਾਨ ਨਸ਼ੇ ਦੀ ਓਵਰ ਡੋਜ਼ ਕਾਰਨ ਮਰ ਰਹੇ ਹਨ, ਪੰਜਾਬ ਪਿੰਡਾਂ ਵਿੱਚ ਸ਼ਰੇਆਮ ਮਾਰੂ ਨਸ਼ਾ ਵਿਕ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਲਟਾ ਉਨ੍ਹਾਂ ਲੋਕਾਂ ਦੇ ਕਤਲ ਹੋ ਰਹੇ ਹਨ ਜੋ ਨਸ਼ੇ ਦੇ ਵਪਾਰੀਆਂ ਨੂੰ ਰੋਕਣ ਲਈ ਅੱਗੇ ਆਉਂਦੇ ਹਨ ਅਤੇ ਪ੍ਰਸ਼ਾਸ਼ਨ ਵੀ ਨਸ਼ਿਆਂ ਦੇ ਵਪਾਰੀਆਂ ਅਤੇ ਸੌਦਾਗਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕਰ ਰਿਹਾ ਹੈ ਜੋ ਨਸ਼ਿਆਂ ਦੇ ਵਿਰੁੱਧ ਲੜਾਈ ਲੜਦੇ ਹਨ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਚੋਣ ਮੈਨੀਫੈਸਟੋ ਲੈ ਕੇ ਆਈ ਸੀ ਜਿਸ ਵਿੱਚ ਚਾਰ ਹਫਤਿਆਂ ਅੰਦਰ ਨਸ਼ਿਆਂ ਉੱਤੇ ਕਾਬੂ ਪਾਉਣ ਦੇ ਦਾਵੇ ਅਤੇ ਵਾਅਦੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਦਿਆਂ ਤੋਂ ਮੁਨਕਰ ਹੋ ਗਈ ਹੈ ਅਤੇ ਉਸਦੇ ਦਾਅਵੇ ਫੇਲ੍ਹ ਸਾਬਤ ਹੋਏ ਹਨ। ਇਹੀ ਕਾਰਨ ਹੈ ਕਿ ਸਰਕਾਰ ਸਿਰਫ਼ ਆਪਣਾ ਵਕਤ ਟਪਾ ਰਹੀ ਹੈ ਅਤੇ ਹੁਣ ਨਸ਼ਿਆਂ ਦੇ ਖਾਤਮੇ ਲਈ ਇੱਕ ਸਾਲ ਦਾ ਹੋਰ ਸਮਾਂ ਮੰਗ ਰਹੀ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਨਸ਼ਿਆਂ ਕਾਰਨ ਪਰਿਵਾਰਕ ਅਤੇ ਸਮਾਜਿਕ ਤਾਣਾ-ਬਾਣਾ ਪੂਰੀ ਤਰ੍ਹਾਂ ਹਿਲ ਗਿਆ ਹੈ। ਨਸ਼ੇ ਦੀ ਗਿਰਫਤ ਵਿੱਚ ਆਏ ਨੌਜਵਾਨ ਨਸ਼ਿਆਂ ਲਈ ਪੈਸੇ ਨਾ ਮਿਲਣ ਤੇ ਆਪਣੇ ਪਰਿਵਾਰਕ ਮੈਂਬਰਾਂ ਉੱਤੇ ਹਮਲੇ ਕਰਨ ਤੋਂ ਵੀ ਨਹੀਂ ਹਿਚਕਦੇ। ਉਨ੍ਹਾਂ ਕਿਹਾ ਕਿ ਕੈਮੀਕਲ ਨਸ਼ੇ ਵੱਡੀ ਪੱਧਰ ਤੇ ਵਿਕ ਰਹੇ ਹਨ ਅਤੇ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵੱਲ ਰੁਖ਼ ਕਰ ਰਿਹਾ ਹੈ ਅਤੇ ਪਿੰਡਾਂ ਵਿਚ ਨੌਜਵਾਨ ਨਸ਼ਿਆਂ ਦਾ ਗੁਲਾਮ ਬਣ ਰਿਹਾ ਹੈ ਜਿਸ ਨਾਲ ਪੰਜਾਬ ਵਿੱਚ ਨੌਜਵਾਨ ਪਨੀਰੀ ਖਾਤਮੇ ਵੱਲ ਜਾ ਰਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਸੌਦਾਗਰਾਂ ਨੂੰ ਕੁਚਲਣ ਲਈ ਸਰਕਾਰ ਸਖਤ ਕਾਰਵਾਈ ਕਰੇ ਨਹੀਂ ਤਾਂ ਪੰਜਾਬ ਦੀ ਨੌਜਵਾਨੀ ਬੁਰੀ ਤਰ੍ਹਾਂ ਤਬਾਹ ਹੋ ਜਾਵੇਗੀ ਜਿਸ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਹੀ ਪੂਰਨ ਰੂਪ ਵਿੱਚ ਜਿੰਮੇਵਾਰ ਹੋਵੇਗੀ।

Leave a Reply

Your email address will not be published. Required fields are marked *