ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਮੰਤਰੀ, ਭਗਵੰਤ ਮਾਨ ਵਲੋਂ ਸੰਘਰਸ਼ ਕਰ ਰਹੇ ਕਰਮਚਾਰੀਆਂ ਦੇ ਖਿਲਾਫ ਐਸਮਾ ਕਾਨੂੰਨ ਲਗਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਧਰਨਿਆਂ ਵਿੱਚੋਂ ਉਭਰੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਹੱਕਾਂ ਲਈ ਧਰਨੇ ਮਾਰ ਰਹੇ ਕਰਮਚਾਰੀਆਂ ਤੋਂ ਡਰ ਕਿਉਂ ਰਹੇ ਹਨ। ਉਨ੍ਹਾਂ ਕਿਹਾ ਕਿ ਇਹੀ ਮੁੱਖ ਮੰਤਰੀ ਅਤੇ ਸਾਰੇ ਆਪ ਆਗੂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਕਰਮਚਾਰੀਆਂ ਦੇ ਧਰਨਿਆਂ ਵਿੱਚ ਸ਼ਮੂਲੀਅਤ ਕਰਕੇ ਇਹਨਾਂ ਤੋਂ ਵੋਟਾਂ ਪਾਉਣ ਦੀ ਅਪੀਲ ਕਰਦੇ ਰਹੇ ਅਤੇ ਸਰਕਾਰ ਬਣਨ ਤੇ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕਰਦੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਅਤੇ ਕਰਮਚਾਰੀਆਂ ਨੇ ਆਮ ਆਦਮੀ ਪਾਰਟੀ ਦੀ ਬੰਪਰ ਸਰਕਾਰ ਬਣਾ ਦਿੱਤੀ ਤਾਂ ਇਹੀ ਮੁੱਖ ਮੰਤਰੀ ਹੁਣ ਕਰਮਚਾਰੀਆਂ ਦੇ ਧਰਨਿਆਂ ਨੂੰ ਨਾਜਾਇਜ਼ ਗਰਦਾਨ ਰਹੇ ਹਨ ਅਤੇ ਧਰਨਾ ਦੇਣ ਵਾਲੇ ਕਰਮਚਾਰੀਆਂ ਦੇ ਖਿਲਾਫ ਐਸਮਾ ਲਗਾਉਣ ਦੀ ਚੇਤਾਵਨੀ ਦੇ ਰਹੇ ਹਨ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਸਮੇਂ-ਸਮੇਂ ਤੇ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ ਬੇਈਮਾਨ ਦੱਸਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਸਾਰੇ ਕਰਮਚਾਰੀ ਬੇਈਮਾਨ ਹਨ, ਤਾਂ ਵੋਟਾਂ ਤੋਂ ਪਹਿਲਾਂ ਇਨ੍ਹਾਂ ਅੱਗੇ ਹੱਥ ਅੱਡਣ ਦੀ ਮੁੱਖ ਮੰਤਰੀ ਨੂੰ ਕੀ ਜ਼ਰੂਰਤ ਆਣ ਪਈ ਸੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਮੁੱਖ ਮੰਤਰੀ ਹੁੰਦੇ ਹੋਏ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਦਿੰਦੇ ਰਹੇ ਹਨ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬ ਦੇ ਰਾਜਪਾਲ ਪੰਜਾਬ ਦੇ ਖਿਲਾਫ਼ ਪੰਜਾਬ ਸਰਕਾਰ ਦੇ ਹੱਕਾਂ ਉੱਤੇ ਡਾਕਾ ਮਾਰਨ ਦੇ ਦੋਸ਼ ਲਗਾਉਂਦੇ ਹਨ। ਉਨ੍ਹਾਂ ਕਿਹਾ ਪਿਛਲੀ ਸਰਕਾਰ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਲਗਾਉਂਦੇ ਰਹੇ ਹਨ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਹੁਣ ਜਦੋਂ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਤੇ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਅਤੇ ਧਰਨੇ ਦੇ ਰਹੇ ਹਨ ਤਾਂ ਪੰਜਾਬ ਸਰਕਾਰ ਨੂੰ ਇਹ ਗੱਲ ਨਾਗਵਾਰ ਗੁਜ਼ਰ ਰਹੀ ਹੈ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕਿਸਾਨਾਂ ਦੇ ਲਗਾਤਾਰ ਚਲਦੇ ਧਰਨੇ, ਸਰਕਾਰੀ ਕਰਮਚਾਰੀਆਂ ਉੱਤੇ ਲਾਠੀਚਾਰਜ ਅਤੇ ਹੁਣ ਐਸਮਾ ਲਗਾਉਣ ਦੀਆਂ ਕਾਰਵਾਈਆਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਵਿਰੋਧੀ ਚੇਹਰੇ ਨੂੰ ਬੇਨਕਾਬ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮਾਣ ਨਾਲ ਪੰਜਾਬ ਸਰਕਾਰ ਨੂੰ ਇੰਨੀ ਵੱਡੀ ਜਿੱਤ ਦਵਾਈ ਹੈ ਓਹੀ ਲੋਕ ਹੁਣ ਇਹ ਸਰਕਾਰ ਤੋਂ ਤੰਗ ਹੋ ਕੇ ਇਸ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਕਾਹਲੇ ਪੈ ਰਹੇ ਹਨ।

Leave a Reply

Your email address will not be published. Required fields are marked *