

ਮੋਹਾਲੀ ਮਨੀਸ਼ ਸ਼ੰਕਰ ਭਾਰਤ ਨਿਊਜ਼ਲਾਈਨ -ਮੋਹਾਲੀ ਦੇ ਸੈਕਟਰ 101’ਚ ਪਲਾਕਸ਼ਾਂ ਯੂਨੀਵਰਸਿਟੀ ਅਤੇ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ’ਤੇ ਯੂਨੀਵਰਸਿਟੀ ਹਾਲ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਵਿੱਚ ਇੰਡੀਅਨ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਨੇ ਅਹਿਮ ਭੂਮਿਕਾ ਨਿਭਾਈ। ਇਹ ਕੈਂਪ ਦੁਪਹਿਰ 3 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲਿਆ। ਖੂਨ ਲੈਣ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਨੇ ਖੂਨਦਾਨੀਆਂ ਦਾ ਚੈਕਅਪ ਕੀਤਾ ਤਾਂ ਡਾਕਟਰਾਂ ਨੇ ਦੱਸਿਆ ਕਿ ਖੂਨਦਾਨ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ।
ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਬਲੱਡ ਬੈਂਕ ਜੀਐਮਸੀਐਚ ਸੈਕਟਰ-32 ਚੰਡੀਗੜ੍ਹ ਤੋਂ ਡਾਕਟਰ ਰਵਨੀਤ ਕੌਰ ਵੱਲੋਂ ਭੇਜੀ ਗਈ ਟੀਮ ਨੇ ਡਾਕਟਰ ਸਿਮਰਨਜੀਤ ਦੀ ਨਿਗਰਾਨੀ ਵਿੱਚ ਖ਼ੂਨ ਇਕੱਤਰ ਕੀਤਾ। ਕੈਂਪ ਵਿੱਚ 68 ਖੂਨਦਾਨੀਆਂ ਨੇ ਖੂਨਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿੱਚੋਂ 22 ਨੂੰ ਸਿਹਤ ਖਰਾਬ ਹੋਣ ਕਾਰਨ ਡਾਕਟਰਾਂ ਨੇ ਖੂਨਦਾਨ ਕਰਨ ਤੋਂ ਇਨਕਾਰ ਕਰ ਦਿੱਤਾ। 46 ਖੂਨਦਾਨੀਆਂ ਨੇ ਆਪਣੀ ਮਰਜ਼ੀ ਨਾਲ ਖੂਨਦਾਨ ਕੀਤਾ। ਕੈਂਪ ਨੂੰ ਸਫਲ ਬਣਾਉਣ ਲਈ ਯੂਨੀਵਰਸਿਟੀ ਤੋਂ ਅਨੁਸ਼ਕਾ ਦੇਸਾਈ, ਭਾਵੀ, ਆਰਯਮਾਂਨ, ਪ੍ਰਿਯਾਂਸ਼ੂ, ਦਿਵਿਤ, ਵੇਦਿਕਾ ਅਤੇ ਨਿਤਿਕਾ ਨੇ ਸਹਿਯੋਗ ਦਿੱਤਾ।
ਕੈਂਪ ਦੇ ਅੰਤ ਵਿੱਚ ਸਮੂਹ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ਵਾਸ ਫਾਊਂਡੇਸ਼ਨ ਤੋਂ
ਸ਼ਿਸ਼ੂਪਾਲ ਪਠਾਣਿਆ, ਅਨਿਰੁੱਧ ਪਠਾਣਿਆ, ਵਿਕਾਸ ਕੁੰਵਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।