ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਸ਼ਹਿਰ ਦੇ ਕੁਝ ਮਹੱਤਵਪੂਰਨ ਮੁੱਦਿਆਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ ਹੈ। ਇਸ ਪੱਤਰ ਰਾਹੀਂ ਡਿਪਟੀ ਮੇਅਰ ਨੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਉਹ ਨਿੱਜੀ ਦਖਲਅੰਦਾਜ਼ੀ ਕਰਕੇ ਸ਼ਹਿਰ ਦੇ ਇਹਨਾਂ ਮਹੱਤਵਪੂਰਨ ਮਸਲਿਆਂ ਦਾ ਹੱਲ ਕਰਵਾਉਣ। ਉਨ੍ਹਾਂ ਕਿਹਾ ਕਿ ਇਹਨਾਂ ਮਸਲਿਆਂ ਦਾ ਹੱਲ ਕਰਨਾ ਸਮੇਂ ਦੀ ਲੋੜ ਹੈ।

ਆਪਣੇ ਪੱਤਰ ਵਿੱਚ ਡਿਪਟੀ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਸ਼ਹਿਰ ਵਿੱਚ ਜਿਆਦਾ ਬਰਸਾਤ ਹੋਣ ਉੱਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖ਼ਲ ਹੋ ਜਾਂਦਾ ਹੈ। ਸ਼ਹਿਰ ਦੇ ਫੇਜ਼ 1, ਫੇਜ਼ 3ਬੀ2, ਫੇਜ਼ 4, ਫੇਜ਼ 5, ਫੇਜ਼ 7, ਫੇਜ਼ 11, ਸੈਕਟਰ 70, 71 ਅਤੇ ਮਟੌਰ ਵਿੱਚ ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਵਾਸੀ ਬਹੁਤ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਸੈਕਟਰ 71 ਅਤੇ ਏਅਰਪੋਰਟ ਦੀ ਸੜਕ ਲੋੜ ਤੋਂ ਵੱਧ ਉੱਚੀ ਹੋਣ ਕਾਰਨ ਤੇ ਪੁਰਾਣਾ ਸ਼ਹਿਰ ਨੀਵਾਂ ਰਹਿਣ ਕਾਰਨ ਬਰਸਾਤੀ ਪਾਣੀ ਦੀ ਮਾਰ ਹੇਠ ਆ ਜਾਂਦਾ ਹੈ। ਬਰਸਾਤੀ ਪਾਣੀ ਕਾਰਨ ਅਕਸਰ ਫੇਜ਼ 4 ਤੇ ਫੇਜ਼ 5 ਦੇ ਵਸਨੀਕਾਂ ਵਿੱਚ ਤਕਰਾਰਬਾਜ਼ੀ ਰਹਿੰਦੀ ਹੈ। ਉਹਨਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਗਮਾਡਾ ਨੂੰ ਕਹਿ ਕੇ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਪਾਈਪ ਲਾਈਨ ਪਟਿਆਲਾ ਕੀ ਰਾਓ ਦੀ ਨਦੀ ਵਿੱਚ ਸੁੱਟੀ ਜਾਵੇ ਜਾਂ ਇਸਦਾ ਕੋਈ ਹੋਰ ਉਚਿਤ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਸ ਮਸਲੇ ਵਿੱਚ ਨਿੱਜੀ ਤੌਰ ਤੇ ਦਖਲਅੰਦਾਜ਼ੀ ਕਰਕੇ ਗਮਾਡਾ ਤੋਂ ਇਸ ਦਾ ਹੱਲ ਕਰਵਾਉਣ ਕਿਉਂਕਿ ਗਮਾਡਾ ਨੇ ਹੀ ਇਹ ਸ਼ਹਿਰ ਵਸਾਇਆ ਹੈ ਅਤੇ ਗਮਾਡਾ ਹੀ ਜਮੀਨ ਜਾਇਦਾਦ ਦੀ ਖਰੀਦ ਦੇ ਸਾਰੇ ਪੈਸੇ ਅਤੇ ਫੀਸਾਂ ਵਸੂਲਦਾ ਹੈ।

ਆਪਣੇ ਪੱਤਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਦੂਜਾ ਮਸਲਾ ਏਅਰਪੋਰਟ ਰੋਡ ਉੱਤੇ ਸਥਿਤ ਬਲਾਇੰਡ ਸਪੌਟ ਦਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੜਕ ਹਾਦਸੇ ਵਾਪਰਦੇ ਹਨ। ਇੱਥੇ ਗੁਰਦੁਆਰਾ ਸਾਹਿਬ ਸਥਿਤ ਹੋਣ ਕਾਰਨ ਸੜਕ ਬੁਰੀ ਤਰ੍ਹਾਂ ਵਿੰਗੀ ਹੈ ਜਿਸ ਦਾ ਹੱਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਉਹਨਾਂ ਨੂੰ ਜ਼ਮੀਨ ਦੇ ਕੇ ਸੜਕ ਸਿੱਧੀ ਕੀਤੀ ਜਾ ਸਕਦੀ ਹੈ। ਇਹ ਮਸਲਾ ਪਿਛਲੀ ਸਰਕਾਰ ਵੇਲੇ ਲੱਗਭੱਗ ਹੱਲ ਹੋ ਗਿਆ ਸੀ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਸਮਝੌਤਾ ਵੀ ਹੋਇਆ ਸੀ ਪਰ ਸਰਕਾਰ ਬਦਲਣ ਤੋਂ ਬਾਅਦ ਇਹ ਮਸਲਾ ਲਮਕ ਗਿਆ ਹੈ। ਇਹ ਮਸਲਾ ਗਮਾਡਾ ਨੇ ਹੱਲ ਕਰਨਾ ਹੈ ਪਰ ਇਸ ਨੂੰ ਬਿਨਾਂ ਵਜ੍ਹਾ ਲੰਬਾ ਖਿਚਿਆ ਜਾ ਰਿਹਾ ਹੈ ਜਦੋਂ ਕਿ ਇਸ ਨੂੰ ਫੌਰੀ ਤੌਰ ਤੇ ਹਲ ਕਰਨ ਦੀ ਲੋੜ ਹੈ।

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਏਅਰਪੋਰਟ ਰੋਡ ਉੱਤੇ ਟ੍ਰੈਫਿਕ ਬਹੁਤ ਜਿਆਦਾ ਵੱਧ ਚੁੱਕਿਆ ਹੈ। ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇਸ ਸੜਕ ਉੱਤੇ ਟਰੈਫਿਕ ਦਾ ਲਾਂਘਾ ਵੀ ਔਖਾ ਹੋ ਜਾਵੇਗਾ। ਇਸ ਲਈ ਇਸ ਸੜਕ ਉੱਤੇ ਘੱਟੋ-ਘੱਟ 4 ਥਾਵਾਂ ਉੱਤੇ ਫ਼ਲਾਈ ਓਵਰ ਬਣਾਏ ਜਾਣ ਦੀ ਲੋੜ ਹੈ। ਖਾਸ ਤੌਰ ਤੇ ਆਈ ਆਈ ਐਸ ਈ ਆਰ ਸੰਸਥਾ ਵਾਲੀਆਂ ਲਾਈਟਾਂ ਉੱਤੇ, ਸੈਕਟਰ 79- 80 ਵਾਲੀਆਂ ਲਾਈਟਾਂ ਉੱਤੇ ਜਿੱਥੇ ਨਵਾਂ ਮੌਲ ਬਣਿਆ ਹੈ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਾਲੀਆਂ ਲਾਈਟਾਂ ਉੱਤੇ, ਐਸ.ਸੀ.ਐਲ/ਗੋਦਰੇਜ ਵਾਲੀਆਂ ਲਾਈਟਾਂ ਉੱਤੇ ਫਲਾਈਓਵਰ ਬਣਾਉਣ ਨਾਲ ਇਸ ਸੜਕ ਉੱਤੇ ਟ੍ਰੈਫਿਕ ਦਾ ਬੋਝ ਘਟ ਸਕਦਾ ਹੈ।

ਉਹਨਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਹ ਤਿੰਨੇ ਮਹੱਤਵਪੂਰਨ ਮੁੱਦੇ ਹਨ, ਜਿਹਨਾਂ ਦੇ ਹੱਲ ਹੋਣ ਤੇ ਸ਼ਹਿਰ ਦੇ ਲੋਕਾਂ ਦਾ ਬਹੁਤ ਵੱਡਾ ਭਲਾ ਹੋ ਸਕਦਾ ਹੈ। ਉਹਨਾਂ ਕਿਹਾ ਕੇ ਡੀ ਸੀ ਇਸ ਦੇ ਸਮਰਥ ਹਨ ਤੇ ਗਮਾਡਾ ਨਾਲ ਤਾਲਮੇਲ ਕਰਕੇ ਇਨ੍ਹਾਂ ਮਸਲਿਆ ਦਾ ਹੱਲ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਨੂੰ ਨਿੱਜੀ ਦਿਲਚਸਪੀ ਦਿਖਾਉਂਦੇ ਹੋਏ ਇਹਨਾਂ ਦੇ ਹੱਲ ਲਈ ਉਪਰਾਲੇ ਕਰਨ ਦੀ ਬੇਨਤੀ ਕੀਤੀ ਤਾਂ ਕਿ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ।

Leave a Reply

Your email address will not be published. Required fields are marked *