
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੁਲਦੀਪ ਸਿੰਘ ਧਾਲੀਵਾਲ, ਮੰਤਰੀ ਐਨਆਰਆਈ ਮਾਮਲੇ ਪੰਜਾਬ ਨੂੰ ਪੱਤਰ ਲਿਖ ਕੇ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਅਤੇ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਕੈਨੇਡਾ ਹਾਲਾਤਾਂ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਹਰ ਜ਼ਿਲ੍ਹੇ ਵਿੱਚ ਐਨ ਆਰ ਆਈ ਹੈਲਪਲਾਈਨ ਬਣਾਉਣ ਦੀ ਬੇਨਤੀ ਕੀਤੀ ਹੈ
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੌਜੂਦਾ ਸਮੇਂ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਭਾਰੀ ਕੁੜੱਤਣ ਦੇਖਣ ਨੂੰ ਮਿਲ ਰਹੀ ਹੈ । ਦੋਹਾਂ ਦੇਸ਼ਾਂ ਵੱਲੋਂ ਇੱਕ ਦੂਜੇ ਦੇ ਕੌਂਸਲੇਟ ਵੀ ਵਾਪਸ ਭੇਜੇ ਗਏ ਹਨ ਅਤੇ ਖ਼ਾਸ ਤੌਰ ਤੇ ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਦੀ ਗੱਲ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ ਲੋਕ ਕੈਨੇਡਾ ਵਿੱਚ ਜਾਕੇ ਵਸੇ ਹੋਏ ਹਨ ਅਤੇ ਉਥੋਂ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਹਨ। ਆਉਂਦੇ ਸਮੇਂ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਪੈਣਾ ਹੈ ਅਤੇ ਵੱਡੀ ਗਿਣਤੀ ਵਿੱਚ ਕਨੇਡਾ ਦੇ ਨਾਗਰਿਕਾਂ ਨੇ ਭਾਰਤ ਆਉਣਾ ਹੈ। ਕੈਨੇਡਾ ਦੇ ਅਜਿਹੇ ਨਾਗਰਿਕ ਅਤੇ ਪੰਜਾਬ ਵਿੱਚ ਵੱਸਦੇ ਉਹਨਾਂ ਦੇ ਰਿਸ਼ਤੇਦਾਰ ਇਸ ਗਲੋਂ ਭਾਰੀ ਭੰਬਲਭੂਸੇ ਵਿੱਚ ਹਨ ਪਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਜਾਣਕਾਰੀ ਉਪਲਬਧ ਨਹੀਂ ਕਰਵਾਈ ਜਾ ਰਹੀ।
ਮੇਰੇ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸੇ ਤਰ੍ਹਾਂ ਜਨਵਰੀ ਇਨਟੇਕ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਕੈਨੇਡਾ ਜਾਣਾ ਹੈ ਜਿਨ੍ਹਾਂ ਦੀਆਂ ਫੀਸਾਂ ਵੀ ਜਮ੍ਹਾਂ ਹੋ ਚੁੱਕੀਆਂ ਹਨ। ਅਜਿਹੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਭਾਰੀ ਭੰਬਲਭੂਸੇ ਵਿੱਚ ਹਨ ਅਤੇ ਚਿੰਤਾ ਵਿੱਚ ਹਨ ਕੇ ਉਨ੍ਹਾਂ ਦਾ ਕੀ ਬਣੇਗਾ ਅਤੇ ਉਹ ਡਿਪਰੈਸ਼ਨ ਵਿੱਚ ਜਾ ਰਹੇ ਹਨ।ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੌਜੂਦਾ ਸਮੇਂ ਜ਼ਰੂਰਤ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਫੌਰੀ ਤੌਰ ਤੇ ਕੈਨੇਡਾ ਸਰਕਾਰ ਨਾਲ ਸੰਪਰਕ ਸਥਾਪਿਤ ਕਰੇ ਅਤੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਵੀ ਇਹਨਾਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਜਾਵੇ। ਇਸ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪਡੇਟ ਰੱਖਣ ਤੋਂ ਇਲਾਵਾ ਕਨੇਡਾ ਵਿੱਚ ਵੱਸਦੇ ਪੰਜਾਬੀ ਨਾਗਰਿਕਾਂ ਲਈ ਜ਼ਿਲ੍ਹਾ ਪੱਧਰ ਤੇ ਐਨਆਰਆਈ ਹੈਲਪਲਾਈਨ ਆਰੰਭ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਲਗਾਤਾਰ ਉਪਲਬਧ ਕਰਵਾਈ ਜਾਵੇ।