ਮੋਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਰਾਜਸਭਾ ਮੈਂਬਰ ਸੰਦੀਪ ਪਾਠਕ ਵਲੋਂ ਹਰਿਆਣਾ ਨੂੰ ਐਸ ਵਾਈ ਐਲ ਦਾ ਪਾਣੀ ਦਿੱਤੇ ਜਾਣ ਦੀ ਵਕਾਲਤ ਕੀਤੇ ਜਾਣ ਤੇ ਸੰਦੀਪ ਪਾਠਕ ਦਾ ਅਸਤੀਫਾ ਮੰਗਿਆ ਹੈ| ਉਹਨਾਂ ਕਿਹਾ ਕਿ ਪੰਜਾਬ ਦੀ ਤਨਖਾਹ ਅਤੇ ਸਹੂਲਤਾਂ ਲੈ ਕੇ ਹਰਿਆਣਾ ਦਾ ਸਮਰਥਨ ਕਰਨ ਵਾਲੇ ਇਸ ਆਗੂ ਨੂੰ ਪੰਜਾਬ ਤੋਂ ਰਾਜਸਭਾ ਮੈਂਬਰ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਸੰਦੀਪ ਪਾਠਕ ਤੋਂ ਅਸਤੀਫਾ ਲੈਣਾ ਚਾਹੀਦਾ ਹੈ ਅਤੇ ਐਸ ਵਾਈ ਐਲ ਮੁੱਦੇ ਤੇ ਪੰਜਾਬ ਸਰਕਾਰ ਦਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪਹਿਲਾਂ ਵੀ ਇਹ ਇਲਜਾਮ ਲੱਗ ਰਿਹਾ ਹੈ ਕਿ ਉਹਨਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲੇ ਦੇ ਇਸ਼ਾਰੇ ਤੇ ਸੁਪਰੀਮ ਕੋਰਟ ਵਿੱਚ ਪੰਜਾਬ ਦਾ ਪੱਖ ਠੀਕ ਢੰਗ ਨਾਲ ਨਹੀਂ ਰੱਖਣ ਦਿੱਤਾ ਜਿਸ ਕਾਰਨ ਸੁਪਰੀਮ ਕੋਰਟ ਵਲੋਂ ਸਰਵੇ ਟੀਮ ਦਾ ਗਠਨ ਕੀਤਾ ਗਿਆ ਹੈ ਜਦੋਂਕਿ ਇਹ ਨਹਿਰ ਕਿਸੇ ਵੀ ਕੀਮਤ ਤੇ ਨਹੀਂ ਬਣਨੀ ਚਾਹੀਦੀ|
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਵਾਰ ਵਾਰ ਪੰਜਾਬ ਦੇ ਵਿਰੁੱਧ ਬਿਆਨਬਾਜੀ ਕਰਦੇ ਹਨ ਅਤੇ ਹਰਿਆਣਾ ਦੇ ਆਗੂਆਂ ਨੂੰ ਪੰਜਾਬ ਵਿਰੋਧੀ ਬਿਆਨਬਾਜੀ ਕਰਨ ਲਈ ਪੰਜਾਬ ਦਾ ਸਰਕਾਰੀ ਬੰਗਲਾ ਤਕ ਮੁਹਈਆ ਕਰਵਾਇਆ ਜਾਂਦਾ ਹੈ ਜਿਸ ਨਾਲ ਆਮ ਆਦਮੀ ਪਾਰਟੀ ਦਾ ਦੋਗਲਾਪਨ ਸਾਮ੍ਹਣੇ ਆਉਂਦਾ ਹੈ|

Leave a Reply

Your email address will not be published. Required fields are marked *