ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਚੁਸਤ ਦਰੁਸਤ ਕਰਨ ਲਈ ਇੱਕ ਮੀਟਿੰਗ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਨਵਜੋਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਧਿਕਾਰੀਆਂ ਨਾਲ ਮੋਹਾਲੀ ਵਿੱਚ ਸਫਾਈ ਵਿਵਸਥਾ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਦਿਵਾਲੀ ਤੋਂ ਪਹਿਲਾਂ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਚੁਸਤ ਦਰੁਸਤ ਕਰਨ ਲਈ ਕਿਹਾ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮਕੈਨਿਕਲ ਸਫਾਈ ਆਰੰਭ ਨਾ ਹੋਣ ਕਾਰਨ ਸ਼ਹਿਰ ਵਿੱਚ ਸਫਾਈ ਵਿਵਸਥਾ ਦੀ ਹਾਲਤ ਮਾੜੀ ਹੋਈ ਪਈ ਹੈ ਅਤੇ ਅੰਦਰੂਨੀ ਸੜਕਾਂ ਦੀ ਸਫਾਈ ਕਰਨ ਵਾਲੇ ਕਰਮਚਾਰੀ ਮੁੱਖ ਸੜਕਾਂ ਤੇ ਲਗਾਏ ਗਏ ਹਨ।
ਮੇਅਰ ਜੀਤੀ ਸਿੱਧੂ ਨੇ ਇਸ ਮੌਕੇ ਮਕੈਨਿਕਲ ਸਫਾਈ ਲਈ ਬਣਾਈ ਗਈ ਕਮੇਟੀ ਨੂੰ ਇਸ ਦੇ ਟੈਂਡਰ ਫੌਰੀ ਤੌਰ ਤੇ ਖੋਲਣ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਛੇਤੀ ਤੋਂ ਛੇਤੀ ਇਹ ਕੰਮ ਨੇਪਰੇ ਚਾੜਿਆ ਜਾ ਸਕੇ ਅਤੇ ਸ਼ਹਿਰ ਵਿੱਚ ਸਫਾਈ ਵਿਵਸਥਾ ਠੀਕ ਹੋ ਸਕੇ।
ਇਥੇ ਜਿਕਰਯੋਗ ਹੈ ਕਿ ਮਕੈਨੀਕਲ ਸਫਾਈ ਦਾ ਕੰਮ ਸ਼ਹਿਰ ਵਿੱਚ ਕਾਫੀ ਸਮੇਂ ਤੋਂ ਰੁਕਿਆ ਹੋਇਆ ਹੈ। ਇਸ ਦੇ ਨਵੇਂ ਟੈਂਡਰ ਨਾ ਹੋਣ ਕਾਰਨ ਇਹ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ। ਇਸ ਸਬੰਧੀ ਸੈਨੀਟਰੀ ਵਿਭਾਗ ਦੀ ਰਿਪੋਰਟ ਵੀ ਮਕੈਨਿਕਲ ਸਫਾਈ ਨੂੰ ਠੇਕੇ ਤੇ ਦਿੱਤੇ ਜਾਣ ਸਬੰਧੀ ਬਣਾਈ ਗਈ 9 ਮੈਂਬਰੀ ਕਮੇਟੀ ਨੂੰ ਦਿੱਤੀ ਜਾ ਚੁੱਕੀ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਦੇ ਨਾਲ ਕਿਸੇ ਵੀ ਤਰ੍ਹਾਂ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਹਨਾਂ ਸੈਨੀਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਵਾਧੂ ਕਰਮਚਾਰੀ ਲਗਾ ਕੇ ਦਿਵਾਲੀ ਤੱਕ ਸ਼ਹਿਰ ਵਿੱਚ ਸਫਾਈ ਅਵਸਥਾ ਪੂਰਨ ਰੂਪ ਵਿੱਚ ਚੁਸਤ ਦਰੁਸਤ ਕੀਤੀ ਜਾਵੇ ਅਤੇ ਥਾਂ ਥਾਂ ਪਏ ਗੰਦਗੀ ਦੇ ਢੇਰ ਚੁਕਵਾਏ ਜਾਣ। ਉਹਨਾਂ ਵਿਸ਼ੇਸ਼ ਤੌਰ ਤੇ ਕਮਿਸ਼ਨਰ ਨੂੰ ਮੈਕੈਨੀਕਲ ਸਫਾਈ ਲਈ ਟੈਂਡਰ ਪ੍ਰਕਿਰਿਆ ਨੂੰ ਪੂਰਾ ਕਰਕੇ ਇਹ ਕੰਮ ਨੂੰ ਫੋਰੀ ਤੌਰ ਤੇ ਆਰੰਭ ਕਰਵਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਮੀਟਿੰਗ ਵਿੱਚ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ, ਰੁਪਿੰਦਰ ਕੌਰ ਰੀਨਾ, ਸੁੱਚਾ ਸਿੰਘ ਕਲੌੜ, ਪਰਮਜੀਤ ਸਿੰਘ ਹੈਪੀ, ਜੋਇੰਟ ਕਮਿਸ਼ਨਰ ਕਿਰਨ ਸ਼ਰਮਾ, ਐਸਈ ਨਰੇਸ਼ ਬੱਤਾ, ਰੰਜੀ। ਕੁਮਾਰ ਸਹਾਇਕ ਕਮਿਸ਼ਨਰ, ਐਮ ਐਚ ਓ ਡਾ ਕੰਬੋਜ ਸਮੇਤ ਸੈਨੀਟਰੀ ਵਿਭਾਗ ਦੇ ਸਮੂਹ ਅਧਿਕਾਰੀ ਹਾਜ਼ਰ ਸਨ।