ਮੋਹਾਲੀ (ਮਨੀਸ਼ ਸੰਕਰ) ਭਾਰਤ ਨਿਊਜ਼ ਲਾਈਨ:- ਪੰਜਾਬ ਵਿੱਚ ਮਾਨ ਸਰਕਾਰ ਆਪਣੀ ਇਮਾਨਦਾਰੀ ਦੇ ਢੋਲ ਪਿੱਟਦੇ ਹੋਏ ਨਜ਼ਰ ਆਉਂਦੀ ਹੈ ਲੇਕਿਨ ਉਹਨਾਂ ਦਾਵਿਆਂ ਦੀ ਫੂਕ ਮੋਹਾਲੀ ਦੇ ਪਿੰਡ ਬੜ ਮਾਜਰਾ ਵਿੱਚ ਸਰੇਆਮ ਨਿਕਲਦੀ ਹੋਈ ਦਿਖਾਈ ਦਿੰਦੀ ਹੈl ਪਿਛਲੇ ਲੰਮੇ ਸਮੇਂ ਤੋਂ ਮੋਹਾਲੀ ਦੇ ਨਾਲ ਲੱਗਦੇ ਪਿੰਡਾਂ ਵਿਚ ਬਣੀਆਂ ਨਜਾਇਜ਼ ਕਲੋਨੀਆਂ ਬਾਰੇ ਖ਼ਬਰਾਂ ਨਸ਼ਰ ਹੋਣ ਦੇ ਬਾਵਜੂਦ, ਅੱਜ ਵੀ ਗਮਾਡਾ ਦੇ ਅਧਿਕਾਰੀ ਧਨਾਢ ਬਿਲਡਰ ਤੇ ਕਾਰਵਾਈ ਕਰਨ ਵਿੱਚ ਅਸਮਰਥ ਹਨ। ਬਿਲਡਰਾ ਦੇ ਨਾਲ ਨਾਲ ਗਮਾਡਾ ਦੇ ਅਧਿਕਾਰੀ ਵੀ ਨਜਾਇਜ਼ ਕਲੋਨੀਆਂ ਦੇ ਸਬੰਧ ਵਿੱਚ ਕਿਸੇ ਤਰ੍ਹਾਂ ਦਾ ਜਬਾਬ ਦੇਣਾ ਜ਼ਰੂਰੀ ਨਹੀਂ ਸਮਝਦੇ। ਜਿਸ ਨਾਲ ਕਲੌਨਾਈਜਰਾ ਅਤੇ ਗਮਾਡਾ ਦੇ ਅਧਿਕਾਰੀਆਂ ਦੀ ਆਪਸੀ ਭਾਈਚਾਰਕ ਸਾਂਝ ਸਾਹਮਣੇ ਦਿਖਾਈ ਦਿੰਦੀ ਹੈ।ਮੋਹਾਲੀ ਦੇ ਵੱਖ-ਵੱਖ ਪਿੰਡਾਂ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅਨਅਧਿਕਾਰਤ ਕਲੋਨੀਆਂ ਦਾ ਮੱਕੜ ਜਾਲ ਲਗਾਤਾਰ ਵੱਧਦਾ ਜਾ ਰਿਹਾ ਹੈ।
ਗੱਲ ਕੀਤੀ ਜਾਵੇ ਮੋਹਾਲੀ ਦੇ ਪਿੰਡ ਬੜ ਮਾਜਰਾ ਵਿਚ ਤਕਰੀਬਨ ਚਾਰ ਕਿਲਿਆਂ ਵਿੱਚ ਉਸਾਰੀ ਜਾਣ ਵਾਲੀ ਨਿਰਮਾਣ ਅਧੀਨ ਕਲੋਨੀ ਦੀ ਜਿਸ ਬਾਰੇ ਜਾਣਕਾਰੀ ਲੈਣ ਲਈ GMADA ਦਾ ਕੋਈ ਵੀ ਅਧਿਕਾਰੀ ਬੋਲਣ ਗੁਰੇਜ ਕਰਦਾ ਹੋਇਆ ਨਜ਼ਰ ਆਉਂਦਾ ਹੈ। ਲੇਕਿਨ ਇਸ ਸਭ ਦੇ ਉਲਟ ਸੜਕ ਉੱਪਰ ਬਣ ਰਹੀ ਅਨਅਧਿਕਾਰਤ ਕਲੋਨੀ ਦੇ ਕੁਝ ਹੀ ਕਦਮਾਂ ਦੀ ਦੂਰੀ ਤੇ ਬਣਾਏ ਗਏ ਗਰੀਬਾਂ ਦੇ ਆਸ਼ਿਆਨੇ ਨੂੰ ਢਾਉਣ ਲਈ ਗਮਾਡਾ ਦੀ ਟੀਮ ਪਹੁੰਚੀ ਜਦੋਂ ਉਹਨਾਂ ਨਾਲ ਆਏ ਆਲਾ ਅਧਿਕਾਰੀਆਂ ਨੂੰ ਮੁੱਖ ਸੜਕ ਤੇ ਬਣ ਰਹੀ ਕਲੋਨੀ ਸਬੰਧੀ ਪੁੱਛਿਆ ਗਿਆ ਤਾਂ ਉਹ ਮੌਕੇ ਤੋਂ ਭੱਜਦੇ ਹੋਏ ਨਜ਼ਰ ਆਏl ਅਜਿਹੀ ਘਟਨਾਵਾਂ ਤੋਂ ਇੰਜ ਜਾਪਦਾ ਹੈ ਕਿ ਇਹ ਸਾਰਾ ਨਜਾਇਜ਼ ਕਲੋਨੀਆਂ ਦਾ ਮੱਕੜ ਜਾਲ ਗਮਾਡਾ ਦੇ ਅਧਿਕਾਰੀਆਂ ਦੀ ਛਤਰ ਛਾਇਆ ਵਿੱਚ ਹੀ ਪਨਪ ਰਿਹਾ ਹੈl