ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਅਯੁਧਿਆ ਵਿੱਚ ਸ੍ਰੀ ਰਾਮ ਮੰਦਰ ਵਿਖੇ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਹਿੰਦੁਸਤਾਨ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਦਫਤਰਾਂ ਵਿੱਚ ਛੁੱਟੀ ਕੀਤੀ ਗਈ ਸੀ ਲੇਕਿਨ ਪੰਜਾਬ ਸਰਕਾਰ ਵੱਲੋਂ ਇਸ ਇਤਿਹਾਸਿਕ ਦਿਨ ਮੌਕੇ ਅਵਕਾਸ਼ ਨਾ ਕਰ ਕੇ ਹਿੰਦੂ ਭਾਈਚਾਰੇ ਲਈ ਆਪਣਾ ਰਵਈਆ ਜਗ ਜਾਹਿਰ ਕੀਤਾ ਹੈ। ਜਿਸ ਨੂੰ ਲੈ ਕੇ ਮੁਲਾਜ਼ਮ ਵਰਗ ਵਿੱਚ ਨਿਰਾਸ਼ਾ ਵੀ ਪਾਈ ਜਾ ਰਹੀ ਹੈ ਲੇਕਿਨ ਪ੍ਰਭੂ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮਾਂ ਵਿੱਚ ਛੁੱਟੀ ਲੈ ਕੇ ਵੀ ਸ਼ਾਮਿਲ ਹੋਏ ਕਈ ਮੁਲਾਜ਼ਮ। ਸ੍ਰੀ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਜਿੱਥੇ ਪੂਰੇ ਦੇਸ਼ ਵਿੱਚ ਧੂਮ ਧਾਮ ਨਾਲ ਵੱਖ ਵੱਖ ਖੇਤਰਾਂ ਵਿੱਚ ਹਵਨ ਯਗ ਅਤੇ ਪੂਜਾ ਪਾਠ ਕਰਵਾਏ ਜਾ ਰਹੇ ਸਨ ਉਥੇ ਹੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹੋਏ ਹਿੰਦੂ ਸਿੱਖ ਅਤੇ ਮੁਸਲਿਮ ਭਾਈਚਾਰੇ ਵੱਲੋਂ ਮੋਹਾਲੀ ਵਿਖੇ ਅਤੇ ਆਸਪਾਸ ਦੇ ਖੇਤਰ ਵਿੱਚ ਸਥਿਤ ਲਗਭਗ ਸਾਰੇ ਹੀ ਮੰਦਰ ਅਤੇ ਸਾਰਵਜਨਕ ਜਗਾਵਾਂ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੰਦਰਾਂ ਵਿੱਚ ਹਵਨ ਯੱਗ ਕਰਵਾਏ ਗਏ ਅਤੇ ਦੁਪਹਿਰ ਵੇਲੇ ਅਯੁਧਿਆ ਵਿਖੇ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਮੌਕੇ ਜਿੱਥੇ ਵੱਖ ਵੱਖ ਧਾਰਮਿਕ ਸ਼ਖਸ਼ੀਅਤਾਂ ਵਲੋਂ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ ਗਈ ਉੱਥੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਵਰਕਰ ਵੀ ਸ੍ਰੀ ਰਾਮ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ।
ਭਾਜਪਾ ਦੇ ਉੱਤਰਾਖੰਡ ਦੇ ਰਾਜਸਭਾ ਮੈਂਬਰ ਸ੍ਰੀ ਨਰੇਸ਼ ਚੰਦਰ ਅਗਰਵਾਲ ਅਤੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਜਿਲ੍ਹੇ ਦੇ ਵੱਖ ਵੱਖ ਮੰਦਰਾਂ ਵਿੱਚ ਕਰਵਾਏ ਗਏ ਸਮਾਗਮਾਂ ਦੌਰਾਨ ਸ਼ਮੂਲੀਅਤ ਕੀਤੀ ਗਈ ਅਤੇ ਉੱਥੇ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਸਾਬਕਾ ਵਿਧਾਇਕ ਅਤੇ ਮੰਤਰੀ ਬਲਬੀਰ ਸਿੰਘ ਸਿੱਧੂ, ਗਣੇਸ਼ ਮਹਾਂ ਉਤਸਵ ਕਮੇਟੀ ਦੇ ਸਰਪਰਸਤ ਰਮੇਸ਼ ਦੱਤ, ਨਗਰ ਨਿਗਮ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਬੇਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਬ ਜੈਨ, ਫੇਸ ਪੰਜ ਤੋਂ ਕੌਂਸਲਰ ਸ਼੍ਰੀਮਤੀ ਬਲਜੀਤ ਕੌਰ ਨੇ ਵੀ ਇਸ ਮੌਕੇ ਸਾਥੀਆਂ ਸਮੇਤ ਵੱਖ ਵੱਖ ਮੰਦਰਾਂ ਅਤੇ ਮਾਰਕੀਟਾਂ ਵਿੱਚ ਕਰਵਾਏ ਗਏ ਹਵਨ ਅਤੇ ਪੂਜਾ ਪਾਠ ਦੇ ਸਮਾਗਮ ਵਿੱਚ ਸ਼ਾਮਿਲ ਹੋ ਆਪਣੀ ਹਾਜ਼ਰੀ ਭਰੀ l
ਇਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਕਮਲਪ੍ਰੀਤ ਸਿੰਘ ਬੰਨੀ, ਬਲਜੀਤ ਕੌਰ, ਭਾਜਪਾ ਦੇ ਸੂਬਾ ਸਹਿ ਖਜਾਨਚੀ ਸੁਖਵਿੰਦਰ ਸਿੰਘ ਗੋਲਡੀ, ਭਾਜਪਾ ਆਗੂ ਰਮੇਸ਼ ਵਰਮਾ, ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਹਰਦੇਵ ਸਿੰਘ ਉੱਭਾ ਅਤੇ ਹੋਰਨਾਂ ਆਗੂਆਂ ਵਲੋਂ ਵੀ ਵੱਖ ਵੱਖ ਮੰਦਰਾ ਵਿੱਚ ਹਾਜਰੀ ਲਗਵਾਉਂਦਿਆਂ ਸ੍ਰੀ ਰਾਮ ਦੇ ਭਗਤਾਂ ਨੂੰ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਦੀ ਮੁਬਾਰਕਬਾਦ ਦਿੱਤੀ।

Leave a Reply

Your email address will not be published. Required fields are marked *