
ਮੋਹਾਲੀ(ਮਨੀਸ਼ ਸ਼ੰਕਰ) ਭਾਰਤ ਨੀਊਜਲਾਈਨ:-ਪਿਛਲੇ ਲੰਬੇ ਸਮੇਂ ਤੋਂ ਸੂਬੇ ਦੇ ਸਵਤੰਤਰਤਾ ਸੈਨਾਨੀ ਦੀ ਸੋਚ ਨੂੰ ਵਰਤ ਕੇ ਪ੍ਰਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਪ੍ਰਦੇਸ਼ ਵਿਚ ਸੱਤਾ ਹਾਸਲ ਕਰਨ ਵਾਲੀ ਰਾਜਨੀਤਿਕ ਪਾਰਟੀ ਦੇ ਭਰਿਸ਼ਟਾਚਾਰ ਮੁਕਤ ਕਰਨ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਅੱਜ ਉਸ ਰਾਜਨੀਤਕ ਪਾਰਟੀ ਦੇ ਆਪਣੇ ਹੀ ਟਕਸਾਲੀ ਬਲਾਕ ਆਗੂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ, ਜਿਸ ਵਿੱਚ ਉਸਨੇ ਆਪਣੀ ਹੀ ਪਾਰਟੀ ਦੇ ਇੱਕ ਸੀਨੀਅਰ ਲੀਡਰ ਤੇ 20 ਲੱਖ ਰੁਪਏ ਲੈਕੇ ਕੰਮ ਕਰਵਾਉਣ ਦੇ ਆਰੋਪ ਲਗਾਏ ਗਏ। ਜਦੋਂ ਇਸ ਪੋਸਟ ਸਬੰਧੀ ਖੋਜ ਕੀਤੀ ਗਈ ਤਾਂ ਸੂਤਰਾਂ ਤੋਂ ਜਾਣਕਾਰੀ ਹਾਸਲ ਹੋਈ ਤੇ ਪਤਾ ਚੱਲਿਆ ਕਿ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਨਾਰਾ ਬੁਲੰਦ ਕਰਨ ਵਾਲੀ ਪਾਰਟੀ ਦੇ ਸ਼ਹਿਰ ਤੋਂ ਇੱਕ ਵੱਡੇ ਅਹੁਦੇ ਤੇ ਬਿਰਾਜਮਾਨ ਲੀਡਰ ਨੇ ਜ਼ੀਰਕਪੁਰ ਦੇ ਇੱਕ ਵਿਆਕਤੀ ਨੂੰ ਕਾਰੋਬਾਰ ਵਿਚ ਨਿਜੀ ਰਾਹਤ ਦੇਣ ਲਈ 20 ਲੱਖ ਰੁਪਏ ਦੀ ਰਿਸ਼ਵਤ ਲਈ ਹੈ ਪਰੰਤੂ ਸਮਾਂ ਬੀਤਣ ਤੋਂ ਬਾਅਦ ਇਸ ਲੀਡਰ ਨੇ ਨਾ ਤਾਂ ਉਸ ਕਾਰੋਬਾਰੀ ਦਾ ਕੰਮ ਕਰਵਾਇਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਪੈਸੇ ਵਾਪਸ ਨਾ ਹੁੰਦੇ ਦੇਖ ਦੋਵਾਂ ਧਿਰਾਂ ਨੂੰ ਮਿਲਵਾਉਣ ਵਾਲੇ ਪਾਰਟੀ ਦੇ ਹੀ ਬਲਾਕ ਆਗੂ ਵੱਲੋਂ ਇਸ ਦੀ ਜਾਣਕਾਰੀ ਨੂੰ ਆਪਣੀ ਫੇਸਬੁੱਕ ਤੇ ਪੋਸਟ ਕਰ ਦਿੱਤਾ। ਪੋਸਟ ਵਾਇਰਲ ਹੁੰਦੇ ਸਾਰ ਮੋਹਾਲੀ ਦੇ ਨਾਲ ਨਾਲ ਪੂਰੇ ਜਿਲੇ ਵਿੱਚ ਸਿਆਸੀ ਘਮਾਸਾਨ ਮੱਚ ਗਿਆ। ਹਾਲਾਂਕਿ ਕੁਝ ਦੇਰ ਬਾਅਦ ਪੋਸਟ ਪਾਉਣ ਵਾਲੇ ਆਗੂ ਵੱਲੋਂ ਆਪਣੀ ਆਈਡੀ ਤੋਂ ਪੋਸਟ ਡਿਲੀਟ ਕਰ ਦਿੱਤੀ ਗਈ।