ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨੀਊਜਲਾਈਨ:-ਪਿੰਡ ਟਾਂਡਾ ਵਿੱਚ ਇੱਕ ਪਰਿਵਾਰ ਦੀ ਜ਼ਮੀਨ ਨੂੰ ਧੋਖੇ ਨਾਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੀੜਤ ਪਰਿਵਾਰ ਵੱਲੋਂ ਪੁਲੀਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਪੀੜਤ ਪਰਿਵਾਰ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗਿਆਨ ਸਿੰਘ ਦੀ ਟਾਂਡਾ ਵਿਖੇ ਸਾਢੇ ਚਾਰ ਕਨਾਲ ਜ਼ਮੀਨ ਸੀ। ਪਰ ਇਹ ਜ਼ਮੀਨ ਅੱਗੇ ਅੰਜੂ ਚੌਹਾਨ ਅਤੇ ਵਿਨੋਦ ਚੌਹਾਨ ਨੂੰ ਉਨ੍ਹਾਂ ਦੇ ਤਾਇਆ ਦੇ ਲੜਕਿਆਂ ਸੁਖਵਿੰਦਰ ਸਿੰਘ ਅਤੇ ਗੁਰਬਚਨ ਸਿੰਘ ਨੇ ਵੇਚ ਦਿੱਤੀ। ਜ਼ਮੀਨ ਦੀ ਰਜਿਸਟਰੀ ਵੀ ਗਲਤ ਤਰੀਕੇ ਨਾਲ ਕੀਤੀ ਗਈ। 2 ਫਰਵਰੀ ਨੂੰ ਉਹ ਜ਼ਮੀਨ ਦਾ ਕਬਜ਼ਾ ਲੈਣ ਆਏ ਸਨ ਪਰ ਵਿਰੋਧ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਫਿਰ ਉਹ ਲੋਕ ਫਿਰ ਦੋ ਬਾਊਂਸਰ ਲੈ ਕੇ ਆਏ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਪੁਲਸ ਨੇ ਉਸ ‘ਤੇ ਕੋਈ ਕਾਰਵਾਈ ਕਰਨ ਦੀ ਬਜਾਏ ਉਸ ‘ਤੇ ਮਾਮਲਾ ਦਰਜ ਕਰ ਲਿਆ ਅਤੇ ਬਾਅਦ ਵਿਚ ਉਸ ਨੂੰ ਜ਼ਮਾਨਤ ਲੈਣੀ ਪਈ। ਹੁਣ ਉਸ ਨੇ ਇਸ ਪੂਰੇ ਮਾਮਲੇ ਸਬੰਧੀ ਐਸਐਸਪੀ ਅਤੇ ਡੀਐਸਪੀ ਨੂੰ ਸ਼ਿਕਾਇਤ ਦਿੱਤੀ ਹੈ। ਪਰ ਹੁਣ ਤੱਕ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਹੋਈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਤਾਇਆ ਦੇ ਲੜਕੇ ਨੇ ਉਸ ਦੀ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ ਨੂੰ ਵੀ ਗਲਤ ਤਰੀਕੇ ਨਾਲ ਵੇਚ ਦਿੱਤਾ ਸੀ। ਹੁਣ ਉਹ ਖਰੀਦਦਾਰ ਧਿਰ ਨਾਲ ਮਿਲ ਕੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਵੇਂ ਮੌਜੂਦਾ ਸਮੇਂ ਵਿਚ ਉਨ੍ਹਾਂ ਕੋਲ ਜ਼ਮੀਨ ਦਾ ਕਬਜ਼ਾ ਹੈ ਪਰ ਜੇਕਰ ਉਹ ਖੇਤੀ ਕਰਨ ਜਾਂ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਉਨ੍ਹਾਂ ‘ਤੇ ਹਮਲਾ ਕਰ ਦਿੰਦੇ ਹਨ। ਇਸ ਸਬੰਧੀ ਜਦੋਂ ਡੀਐਸਪੀ ਸਿਟੀ 1 ਮੋਹਿਤ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ ਪਰ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਇਸ ਲਈ ਉਨ੍ਹਾਂ ਸ਼ਿਕਾਇਤਕਰਤਾ ਨੂੰ ਮਿਲਣ ਲਈ ਬੁਲਾਇਆ ਹੈ। ਪੂਰੇ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉੱਥੇ ਹੀ ਜਦੋਂ ਇਸ ਸਾਰੀ ਘਟਨਾ ਸਬੰਧੀ ਵਿਨੋਦ ਚੌਹਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਵੱਲੋਂ ਕਿਹਾ ਗਿਆ ਕਿ ਇਹ ਜ਼ਮੀਨ ਉਹਨਾਂ ਵੱਲੋਂ ਖਰੀਦੀ ਗਈ ਸੀ ਅਤੇ ਇਸ ਜਮੀਨ ਦਾ ਕਬਜ਼ਾ ਵੀ ਉਹਨਾਂ ਕੋਲ ਹੀ ਹੈ। ਦੂਸਰੇ ਪਾਸੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਵੱਲੋਂ ਬਲਜੀਤ ਕੌਰ ਦੇ ਉਸ ਦੇ ਪਰਿਵਾਰ ਤੇ ਹਮਲਾ ਕੀਤਾ ਗਿਆ ਸੀ ਤਾਂ ਵਿਨੋਦ ਚੌਹਾਨ ਨੇ ਕਿਹਾ ਕਿ ਹਮਲਾ ਬਲਜੀਤ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਸਾਡੇ ਉੱਪਰ ਕੀਤਾ ਸੀ ਅਤੇ ਜੋ ਬਾਉਂਸਰ ਮੌਕੇ ਤੇ ਮੌਜੂਦ ਸਨ ਉਹ ਲੜਾਈ ਨੂੰ ਛੁੜਾ ਰਹੇ ਸਨ ਨਾ ਕਿ ਕਿਸੇ ਦੀ ਮਾਰ ਕੁੱਟ ਕਰ ਰਹੇ ਸਨ।