ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜਲਾਈਨ :-ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮਕੈਨਿਕਲ ਸਵੀਪਿੰਗ ਦੀਆਂ ਮਸ਼ੀਨਾਂ ਦੀ ਅਦਾਇਗੀ ਕਰਨ ਦੀ ਬੇਨਤੀ ਕੀਤੀ ਹੈ। ਉਹਨਾਂ ਕਿਹਾ ਕਿ ਮਕੈਨਿਕਲ ਸਵੀਪਿੰਗ ਦੀਆਂ ਮਸ਼ੀਨਾਂ ਤਾਂ ਸ਼ਹਿਰ ਦੇ ਬੂਹੇ ਤੇ ਖੜੀਆਂ ਹਨ ਪਰ ਹਾਲੇ ਤੱਕ ਗਮਾਡਾ ਨੇ ਇਹਨਾਂ ਮਸ਼ੀਨਾਂ ਵਾਸਤੇ ਇੱਕ ਧੇਲਾ ਵੀ ਨਹੀਂ ਦਿੱਤਾ ਜਦੋਂ ਕਿ ਇਹ ਰਕਮ ਲਗਭਗ 10 ਕਰੋੜ ਰੁਪਏ ਬਣਦੀ ਹੈ ਅਤੇ ਇਸ ਵਾਸਤੇ ਪਹਿਲਾਂ ਹੀ ਗਮਾਡਾ ਨੇ ਪ੍ਰਵਾਨਗੀ ਦਿੱਤੀ ਹੋਈ ਹੈ ਪਰ ਹਾਲੇ ਤੱਕ ਇਹ ਰਕਮ ਨਗਰ ਨਿਗਮ ਨੂੰ ਨਹੀਂ ਦਿੱਤੀ ਗਈ ਜਦੋਂ ਕਿ ਮਸ਼ੀਨਾਂ ਇੱਕ ਦੋ ਦਿਨਾਂ ਵਿੱਚ ਮੋਹਾਲੀ ਵਿਖੇ ਪੁੱਜ ਜਾਣਗੀਆਂ। ਇਹਨਾਂ ਮਸ਼ੀਨਾਂ ਦੀ ਕੀਮਤ ਦੀ ਅਦਾਇਗੀ ਮਸ਼ੀਨਾਂ ਬਣਾਉਣ ਵਾਲੀ ਕੰਪਨੀ ਨੂੰ ਮੋਹਾਲੀ ਨਗਰ ਨਿਗਮ ਦੇ ਠੇਕੇਦਾਰ ਵੱਲੋਂ ਕੀਤੀ ਗਈ ਹੈ। ਉਹਨਾਂ ਆਪਣੇ ਪੱਤਰ ਵਿੱਚ ਬੇਨਤੀ ਕੀਤੀ ਹੈ ਕਿ ਇਹ ਰਕਮ ਫੌਰੀ ਤੌਰ ਤੇ ਜਾਰੀ ਕੀਤੀ ਜਾਵੇ‌ਤਾਂ ਜੋ ਮਹਾਲੀ ਵਿੱਚ ਮਕੈਨਿਕਲ ਸਵੀਪਿੰਗ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪਵੇ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਵਿੱਚ ਮਕੈਨਿਕਲ ਸਵੀਪਿੰਗ ਦਾ ਕੰਮ ਪਹਿਲਾਂ ਹੀ ਬਹੁਤ ਲੇਟ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਮੋਹਾਲੀ ਵਿੱਚ ਮਕੈਨਿਕਲ ਸਵਿਪਿੰਗ ਸ਼ੁਰੂ ਨਾ ਹੋਣ ਕਾਰਨ ਸਫਾਈ ਦੀ ਹਾਲਤ ਮਾੜੀ ਹੈ ਅਤੇ ਜੇਕਰ ਠੇਕੇਦਾਰ ਕੰਪਨੀ ਦੀ ਪੇਮੈਂਟ ਨਾ ਹੋਈ ਅਤੇ ਉਸ ਨੇ ਕੰਮ ਕਰਨ ਵਿੱਚ ਕੋਈ ਆਨਾ ਕਾਨੀ ਕੀਤੀ ਤਾਂ ਸ਼ਹਿਰ ਵਿੱਚ ਸਫਾਈ ਦੀ ਹਾਲਤ ਹੋਰ ਵਿਗੜ ਸਕਦੀ ਹੈ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਵਿੱਚ ਸਫਾਈ ਕਰਮਚਾਰੀਆਂ ਦੀ ਕਮੀ ਹੈ ਅਤੇ ਪਹਿਲਾਂ ਹੀ ਅੰਦਰੂਨੀ ਸੜਕਾਂ ਉੱਤੇ ਸਫਾਈ ਕਰਨ ਵਾਲੇ ਸਫਾਈ ਸੇਵਕ ਮੁੱਖ ਏ ਅਤੇ ਬੀ ਸੜਕਾਂ ਉੱਤੇ ਸਫਾਈ ਕਰਨ ਉੱਤੇ ਲਗਾਏ ਗਏ ਹਨ ਜਿਸ ਕਾਰਨ ਅੰਦਰੂਨੀ ਸੜਕਾਂ ਦੀ ਸਫਾਈ ਪ੍ਰਭਾਵਿਤ ਹੁੰਦੀ ਹੈ। ਮਕੈਨਿਕਲ ਸਫਾਈ ਸ਼ੁਰੂ ਹੋਣ ਦੇ ਨਾਲ ਹੀ ਏ ਅਤੇ ਬੀ ਸੜਕਾਂ ਉੱਤੇ ਆਰਜੀ ਤੌਰ ਤੇ ਲਗਾਏ ਹੋਏ ਸਫਾਈ ਸੇਵਕ ਸ਼ਹਿਰ ਦੀਆਂ ਅੰਦਰੂਨੀ ‘ਸੀ’ ਸੜਕਾਂ ਉੱਤੇ ਆ ਜਾਣਗੇ ਜਿਸ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਭਾਰੀ ਸੁਧਾਰ ਆਵੇਗਾ ਪਰ ਇਸ ਵਾਸਤੇ ਮਕੈਨਿਕਲ ਸਵੀਪਿੰਗ ਆਰੰਭ ਹੋਣੀ ਬਹੁਤ ਜਰੂਰੀ ਹੈ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਪਹਿਲਾਂ ਸਵੱਛ ਭਾਰਤ ਅਭਿਆਨ ਵਿੱਚ ਪੰਜਾਬ ਵਿੱਚ ਪਹਿਲੇ ਨੰਬਰ ਤੇ ਆਉਂਦਾ ਰਿਹਾ ਹੈ ਅਤੇ ਪੰਜਾਬ ਦਾ ਅਤਿ ਮਹੱਤਵਪੂਰਨ ਸ਼ਹਿਰ ਹੈ। ਜੇਕਰ ਮਕੈਨਿਕਲ ਸਵੀਪਿੰਗ ਸਮੇਂ ਸਿਰ ਆਰੰਭ ਨਹੀਂ ਹੁੰਦੀ ਤਾਂ ਸਵੱਛ ਭਾਰਤ ਅਭਿਆਨ ਵਿੱਚ ਮੋਹਾਲੀ ਸ਼ਹਿਰ ਦੀ ਰੇਟਿੰਗ ਉੱਤੇ ਵੀ ਅਸਰ ਪਵੇਗਾ। ਇਸ ਲਈ ਮਕੈਨਿਕਲ ਸਵਿਪਿੰਗ ਤੁਰੰਤ ਆਰੰਭ ਕਰਵਾਉਣੀ ਲਾਜ਼ਮੀ ਹੈ ਅਤੇ ਇਸ ਕਰਕੇ ਗਮਾਡਾ ਫੌਰੀ ਤੌਰ ਤੇ 10 ਕਰੋੜ ਰੁਪਏ ਦੀ ਰਕਮ ਨਗਰ ਨਿਗਮ ਨੂੰ ਰਿਲੀਜ਼ ਕਰੇ ਤਾਂ ਜੋ ਇਸ ਕੰਮ ਵਿੱਚ ਕੋਈ ਅੜਚਨ ਨਾ ਆਵੇ।

Leave a Reply

Your email address will not be published. Required fields are marked *