ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ: ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਮੋਰਚੇ ਤੇ ਪਿੰਡ ਸਮਗੌਲੀ ਦੇ ਪੀੜਤ ਪਰਿਵਾਰਾਂ ਨੇ ਭਾਰੀ ਇਕੱਠ ਕੀਤਾ ਤੇ ਪਿੰਡ ਵਾਸੀਆਂ ਤੇ ਹੋਏ ਝੂਠੇ ਪਰਚੇ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ।
ਇੱਥੇ ਇਹ ਦੱਸਣ ਯੋਗ ਹੈ ਕਿ ਕੁਝ ਜਮੀਨੀ ਵਿਵਾਦ ਨੂੰ ਲੈ ਕੇ ਵਿਰੋਧੀ ਧਿਰ ਨੇ ਸਿਆਸੀ ਦਬਾਅ ਨਾਲ ਦੂਜੀ ਧਿਰ ਦੇ ਕੁਛ ਲੋਕਾਂ ਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ ਸਨ। ਜਿਸ ਨੂੰ ਲੈ ਕੇ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਮਿਤੀ 30 ਅਕਤੂਬਰ ਨੂੰ ਲੋਕਾਂ ਦੇ ਇਕੱਠ ਵਿੱਚ ਇਹ ਐਲਾਨ ਕੀਤਾ ਸੀ ਕਿ ਜੇਕਰ 10 ਦਿਨਾਂ ਵਿੱਚ ਪ੍ਰਸ਼ਾਸਨ ਨੇ ਹੋਏ ਝੂਠੇ ਪਰਚੇ ਨੂੰ ਰੱਦ ਨਾ ਕੀਤਾ ਤਾਂ 11 ਨਵੰਬਰ ਨੂੰ ਐਸ.ਐਸ.ਪੀ. ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ।
ਅੱਜ ਪਿੰਡ ਸਮਗੌਲੀ ਦੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਮੋਹਾਲੀ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮੋਹਾਲੀ ਪੁਲਿਸ ਪ੍ਰਸ਼ਾਸਨ ਵੱਲੋਂ ਡੀ.ਐਸ.ਪੀ. ਨਵੀਨਪਾਲ ਲਹਿਲ, ਐਸ.ਐਚ.ਓ. ਰੁਪਿੰਦਰ ਸਿੰਘ ਥਾਣਾ ਫੇਸ 8, ਐਸ.ਐਚ.ਓ. ਅਮਨਦੀਪ ਤਰੀਕਾ ਥਾਣਾ ਮਟੋਰ ਨੇ ਅਪਣੀ ਟੀਮ ਨਾਲ ਮੌਕੇ ਤੇ ਪਹੁੰਚਕੇ ਹੋਏ ਇਕੱਠ ਨੂੰ ਸ਼ਾਂਤ ਕੀਤਾ ਅਤੇ ਉਨਾਂ ਤੋਂ ਮੰਗ ਪੱਤਰ ਲਿਆ। ਉਨ੍ਹਾਂ ਨੇ ਇਸ ਪਰਚੇ ਦੀ ਪੜਤਾਲ ਕਰਕੇ ਜਲਦ ਇਨਸਾਫ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪਿੰਡ ਸਮਗੋਲੀ, ਹਲਕਾ ਡੇਰਾ ਬੱਸੀ ਵਿੱਚ ਮਿਤੀ 30 ਅਕਤੂਬਰ ਨੂੰ ਭਾਰੀ ਇਕੱਠ ਹੋਇਆ ਸੀ। ਜਿਸ ਵਿੱਚ ਪਿੰਡ ਦੀ ਐਸੀ ਸੋਸਾਇਟੀ ਦੇ ਮੈਂਬਰਾਂ ਨੇ ਭਾਰੀ ਇਕੱਠ ਕਰਕੇ ਪ੍ਰੈਸ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਸਿਆਸੀ ਦਬਾਅ ਕਾਰਨ ਪਿੰਡ ਦੇ ਕੁੱਝ ਵਿਅਕਤੀਆਂ ਉੱਤੇ ਪੁਲਿਸ ਨੇ ਨਜਾਇਜ਼ ਝੂਠੇ ਪਰਚੇ ਦਰਜ ਕੀਤੇ ਸਨ ਅਤੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਵੀ ਕੀਤੀ ਸੀ। ਉਨਾਂ ਨੇ ਐਲਾਨ ਕੀਤਾ ਸੀ ਕਿ 10 ਦਿਨਾਂ ਵਿੱਚ ਝੂਠੀ ਐਫ.ਆਈ.ਆਰ. ਰੱਦ ਕੀਤੀ ਜਾਵੇ ਅਤੇ ਗ੍ਰਿਫਤਾਰ ਕੀਤਾ ਵਿਅਕਤੀ ਰਿਹਾ ਕੀਤਾ ਜਾਵੇ। ਜੇ ਪੁਲਿਸ ਨੇ ਅਜਿਹਾ ਨਾ ਕੀਤਾ ਤਾਂ ਆਉਣ ਵਾਲੀ 11 ਨਵੰਬਰ 2024 ਨੂੰ ਐਸ.ਐਸ.ਪੀ. ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ। ਪਰ ਪੁਲਿਸ ਅਧਿਕਾਰੀਆਂ ਦੇ ਕੰਨ ਤੇ ਜੂੰ ਤੱਕ ਨਾ ਸਰਕੀ। ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਮੈਂ ਆਪਣੇ ਤੌਰ ਤੇ ਦੋਨੋਂ ਪਾਰਟੀਆਂ ਨੂੰ ਇਕੱਠੇ ਬਿਠਾ ਕੇ ਸਮਝੌਤਾ ਕਰਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੀਟਿੰਗਾਂ ਬੇਸਿੱਟਾ ਨਿਕਲੀਆਂ। ਜਿਸ ਕਰਕੇ ਅੱਜ ਪਿੰਡ ਸਮਗੌਲੀ ਦੇ ਪੀੜਿਤ ਪਰਿਵਾਰਾਂ ਨੇ ਸਾਰੀ ਪ੍ਰੈਸ ਸਾਹਮਣੇ ਆਪਣੇ ਨਾਲ ਹੋਈ ਧੱਕੇਸ਼ਾਹੀ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਸੁਸਾਇਟੀ ਦੀ ਜਮੀਨ ਨੂੰ ਹਥਿਆਉਣ ਵਾਸਤੇ ਸਿਆਸੀ ਦਬਾਅ ਕਾਰਣ ਪੁਲਿਸ ਪਿੰਡ ਵਾਸੀਆਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ।
ਇਸ ਮੌਕੇ ਕਮੇਟੀ ਦੇ ਮੈਂਬਰ ਲਖਵਿੰਦਰ ਸਿੰਘ ਅਤੇ ਪਿੰਡ ਦੇ ਨੌਜਵਾਨ ਆਗੂ ਰਣਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੀਰ ਸਿੰਘ ਆਦਿ 6 ਮੈਂਬਰਾਂ ਤੇ ਮਿਤੀ 18-7-2024 ਨੂੰ ਐਫ.ਆਈ.ਆਰ. ਨੰ: 234 ਥਾਣਾ ਡੇਰਾ ਬੱਸੀ ਚ ਦਰਜ ਕੀਤੀ ਗਈ ਸੀ। ਜਿਸ ਵਿੱਚ ਕੋਈ ਸੱਚਾਈ ਨਹੀਂ ਹੈ। ਪੁਲਿਸ ਨੇ ਮਨਘੜਤ ਕਹਾਣੀ ਬਣਾ ਕੇ ਸਾਡੀ ਜਮੀਨ ਹਥਿਆਉਣ ਲਈ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਸਾਡੀ ਐਸ.ਐਸ.ਪੀ. ਮੋਹਾਲੀ ਨੂੰ ਬੇਨਤੀ ਹੈ ਕਿ ਮੈਡੀਕਲ ਰਿਪੋਰਟਾਂ ਨੂੰ ਦੁਬਾਰਾ ਜਾਂਚ ਕੇ ਇਸ ਝੂਠੀ ਐਫ.ਆਈ.ਆਰ. ਨੂੰ ਰੱਦ ਕੀਤਾ ਜਾਵੇ ਅਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ।
ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਸਰਪੰਚ ਪ੍ਰਭਦਿਆਲ, ਲਖਵੀਰ ਸਿੰਘ ਵਡਾਲਾ, ਪ੍ਰਿੰਸੀਪਲ ਬਨਵਾਰੀ ਲਾਲ, ਸਵਿੰਦਰ ਸਿੰਘ ਲੱਖੋਵਾਲ, ਹਰਨੇਕ ਸਿੰਘ ਮਲੋਆ, ਬੀਬੀ ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਆਏ ਇਕੱਠ ਨੂੰ ਸੰਬੋਧਨ ਕੀਤਾ।
ਇਸ ਰੋਸ ਪ੍ਰਦਰਸ਼ਨ ਵਿੱਚ ਕੇਵਲ ਸਿੰਘ ਬਾਠਾਂ, ਦੇਵਿੰਦਰ ਸਿੰਘ ਕੁੱਪ, ਸੁਰਿੰਦਰ ਸਿੰਘ ਕੰਡਾਲਾ, ਭੁਪਿੰਦਰ ਸਿੰਘ ਪ੍ਰਦੀਪ ਸਿੰਘ ਕੁਲਵੰਤ ਸਿੰਘ ਕਰਮ ਸਿੰਘ ਅਮਰ ਸਿੰਘ ਪਵਨ ਕੁਮਾਰ ਬਲਜੀਤ ਸਿੰਘ ਸੁਖਵਿੰਦਰ ਸਿੰਘ ਗੁਰਦਾਸ ਸਿੰਘ ਰਸਮੀਤ ਸਿੰਘ, ਰਾਜ ਕਰਨ ਨਵਪ੍ਰੀਤ ਸਿੰਘ ਜਸਵੀਰ ਸਿੰਘ ਲਾਜਵੰਤੀ, ਸੋਨਾ ਦੇਵੀ, ਰਾਣੀ ਦੇਵੀ, ਕਮਲਜੀਤ ਕੌਰ, ਨਿਰਮਲਾ ਦੇਵੀ, ਪਰਮਜੀਤ ਕੌਰ, ਸ਼ਕੁੰਤਲਾ ਦੇਵੀ ਆਦਿ ਹਾਜ਼ਰ ਹੋਏ।