ਕਿਸਾਨੀ ਘੋਲ ਦੌਰਾਨ ਕੀਤੇ ਪਰਚੇ ਰੱਦ ਕਰੋਂ ਨਹੀਂ ਤਾਂ ਮੁੜ ਸੰਘਰਸ਼ ਕੀਤਾ ਜਾਵੇਗਾ

ਸੰਗਰੂਰ, ਪੰਜਾਬਨਾਮਾ 28 ਦਸੰਬਰ (ਗਰਗ) –

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਸੰਗਰੂਰ ਜਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਐਸ ਐਸ ਪੀ ਸੰਗਰੂਰ ਦੇ ਨਾਂ ਪੁਲਸ ਲਾਇਨ ਚ ਐਸ ਐਚ ਉ ਸਿਟੀ ਇੰਦਰਬੀਰ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਕਿਸਾਨੀ ਘੋਲ ਦੌਰਾਨ ਸੰਗਰੂਰ ਦੇ ਸਿਟੀ ਥਾਣੇ ਵਿਚ 5 ਅਕਤੂਬਰ 2020 ਨੂੰ ਨੌਜਵਾਨਾਂ ਖਿਲਾਫ ਦਰਜ ਹੋਏ ਮੁਕੱਦਮਾ ਨੰਬਰ279 ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਗਈ ਅਤੇ ਪਰਚਾ ਰੱਦ ਨਾ ਹੋਣ ਦੀ ਸੂਰਤ ਚ 4 ਜਨਵਰੀ ਨੂੰ ਐਸ ਐਸ ਪੀ ਦਫਤਰ ਅੱਗੇ ਰੋਸ ਪ੍ਰਦਰਸਨ ਦਾ ਐਲਾਨ ਕੀਤਾ ਗਿਆ।

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵੀਰ ਜਲੂਰ ਅਤੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨੀ ਅੰਦੋਲਨ ਦੌਰਾਨ ਦਰਜ ਹੋਏ ਸਾਰੇ ਮੁਕੱਦਮੇ ਵਾਪਸ ਲੈਣ ਦਾ ਐਲਾਨ ਕਰ ਚੁੱਕੀ ਹੈ , ਪਰ ਸੰਗਰੂਰ ਪੁਲਸ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਉਲਝਾਉਣ ਲਈ ਮੁਕੱਦਮੇ ਰੱਦ ਕਰਨ ਦੀ ਬਜਾਏ ਲਾਰੇ ਲਾ ਕੇ ਡੰਗ ਟਪਾ ਰਹੀ ਹੈ। ਸੰਗਰੂਰ ਪੁੁਲਸ ਦੀ ਇਸ ਨੀਤੀ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਸੰਘਰਸ ਕੀਤਾ ਜਾਵੇਗਾ।

ਉਨਾਂ ਦੱਸਿਆ ਕਿ 5 ਅਕਤੂਬਰ ਨੂੰ ਸੰਗਰੂਰ ਦੇ ਬਨਾਸਰ ਬਾਗ ਤੋਂ ਰੇਲਵੇ ਸਟੇਸ਼ਨ ਤੱਕ ਬਹੁਤ ਸਾਰੇ ਨੌਜਵਾਨ ਮਾਰਚ ਕਰ ਰਹੇ ਸਨ ਤਾਂ ਇਸ ਸਮੇਂ ਦੌਰਾਨ ਭਾਜਪਾ ਦੇ ਵਰਕਰਾਂ ਨਾਲ ਵੱਡੇ ਚੌੰਕ ਚ ਝੜਪ ਹੋ ਗਈ ਸੀ। ਪੁਲਸ ਨੇ ਰਾਜਨੀਤਕ ਦਬਾਅ ਤਹਿਤ ਦੋ ਨੌਜਵਾਨਾਂ ਤੇ ਮੁਕੱਦਮਾ ਨੰਬਰ 279 ਦਰਜ ਕਰ ਦਿੱਤਾ ਸੀ ਜਿਸਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇੰਸਪੈਕਟਰ ਨੇ ਦੱਸਿਆ ਕਿ ਐਸ ਐ ਪੀ ਦੇ ਹੁਕਮਾਂ ਤਹਿਤ ਜਲਦੀ ਹੀ ਇਹ ਪਰਚਾ ਰੱਦ ਕਰ ਦਿੱਤਾ ਜਾਵੇਗਾ।ਇਸ ਸਮੇਂ ਜਮਹੂਰੀ ਕਿਸਾਨ ਸਭਾ ਦੇ ਆਗੂ ਸਰਬਜੀਤ ਸਿੰਘ ਵੜੈਚ,ਕੁੱਲ ਹਿੰਦ ਕਿਸਾਨ ਸਭਾ ਪੁੰਨਾਵਾਲ ਦੇ ਸੂਬਾ ਆਗੂ ਜਰਨੈਲ ਸਿੰਘ ਜਨਾਲ,ਨਿਰਮਲ ਸਿੰਘ ਬਟੜਿਆਣਾ,ਬੀ ਕੇ ਯੂ ਡਕੌੰਦਾ ਦੇ ਆਗੂ ਧਨਦੇਵ ਸਿੰਘ ਦੁੱਗਾਂ , ਬੀ ਕੇ ਯੂ ਕਾਦੀਆਂ ਦੇ ਆਗੂ ਅਮਰੀਕ ਸਿੰਘ ਤੁੰਗਾਂ ਅਤੇ ਮਹਿੰਦਰ ਸਿੰਘ ਭੱਠਲ ਹਾਜਰ ਸਨ।

Leave a Reply

Your email address will not be published. Required fields are marked *