ਮੁਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਮੁਹਾਲੀ ਵਿੱਚ ਬਿਜਲੀ ਦੇ ਖੰਭਿਆਂ ਦੇ ਨਾਲ ਬੰਨ੍ਹੀਆਂ ਹੋਈਆਂ ਕੇਬਲ ਦੀਆਂ ਤਾਰਾਂ ਅਤੇ  ਵੱਖ ਵੱਖ ਟੈਲੀਕੌਮ ਕੰਪਨੀਆਂ ਦੀਆਂ ਤਾਰਾਂ  ਕਾਰਨ ਪੂਰੇ ਮੁਹਾਲੀ ਸ਼ਹਿਰ ਦੀ ਦਿੱਖ ਤਰਸਯੋਗ ਹੋਈ ਪਈ ਹੈ। ਵੱਡੀ ਗੱਲ ਇਹ ਹੈ ਕਿ ਸਰਕਾਰਾਂ ਇਨ੍ਹਾਂ ਕੇਬਲ ਕੰਪਨੀਆਂ ਦੇ ਖਿਲਾਫ ਕਾਰਵਾਈ ਦੀ ਗੱਲ ਤਾਂ ਕਰਦੀਆਂ ਹਨ ਪਰ ਕਾਰਵਾਈ ਹੁੰਦੀ ਕੋਈ ਨਹੀਂ। ਹੁਣ ਇਸ ਸਬੰਧੀ  ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੀਐਸਪੀਸੀਐਲ ਦੇ ਪਬਲਿਕ ਇਨਫਰਮੇਸ਼ਨ ਅਫ਼ਸਰ ਨੂੰ ਮੋਹਾਲੀ ਵਿਚ ਲੱਗੇ ਬਿਜਲੀ ਦੇ ਖੰਭਿਆਂ ਉੱਤੇ  ਕੇਬਲ ਦੀਆਂ ਲਮਕਦੀਆਂ ਤਾਰਾਂ ਸੰਬੰਧੀ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੀ ਹੈ।ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਇਸ ਜਾਣਕਾਰੀ ਵਿਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਅਤੇ ਸੈਕਟਰਾਂ ਦੀਆਂ ਸੜਕਾਂ ਤੇ ਲੋਕਾਂ ਨੂੰ ਬਿਜਲੀ ਦੀ ਸਪਲਾਈ ਮੁਹੱਈਆ  ਕਰਵਾਉਣ ਲਈ ਬਿਜਲੀ  ਮਹਿਕਮੇ ਵੱਲੋਂ ਸੜਕਾਂ ਤੇ ਸੀਮਿੰਟ ਤੇ ਕੰਕਰੀਟ ਦੇ ਪੋਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਜਲੀ ਦੇ ਖੰਭਿਆਂ ਉੱਤੇ ਬਿਜਲੀ ਦੀਆਂ ਤਾਰਾਂ ਤੋਂ ਇਲਾਵਾ ਵੱਖ ਵੱਖ ਕੰਪਨੀਆਂ ਦੀਆਂ ਕੇਬਲਾਂ ਬੰਨ੍ਹੀਆਂ ਹੋਈਆਂ ਹਨ।ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੀਐਸਪੀਸੀਐਲ ਵਿਭਾਗ ਤੋਂ ਪੁੱਛਿਆ ਹੈ ਕਿ ਮੁਹਾਲੀ ਸ਼ਹਿਰ ਦੇ ਸਾਰੇ ਫੇਜ਼ਾਂ ਅਤੇ ਸੈਕਟਰਾਂ ਦੀਆਂ ਸੜਕਾਂ ਤੇ ਵਿਭਾਗ ਵੱਲੋਂ ਲਗਾਏ ਗਏ ਸੀਮਿੰਟ ਕੰਕਰੀਟ ਦੇ ਪੁਲਾਂ ਦੀ ਫੇਜ ਅਤੇ  ਸੈਕਟਰ ਵਾਈਜ਼ ਗਿਣਤੀ ਦੱਸੀ ਜਾਵੇ। ਇਸ ਦੇ ਨਾਲ ਨਾਲ ਸ਼ਹਿਰ ਦੇ ਸਾਰੇ ਫੇਜ਼ਾਂ ਅਤੇ ਸੈਕਟਰਾਂ ਦੀਆਂ ਸੜਕਾਂ ਤੇ ਪੀਐਸਪੀਸੀਐਲ ਦੇ ਖੰਭਿਆਂ ਦੇ ਉੱਪਰ ਕੇਬਲ ਪਾਉਣ ਦੀ ਵੱਖ ਵੱਖ ਕੰਪਨੀਆਂ ਨੂੰ ਅੱਜ ਤੱਕ ਦਿੱਤੀ ਗਈ ਪਰਵਾਨਗੀ ਦੀ ਕਾਪੀ ਮੁਹੱਈਆ ਕਰਵਾਈ ਜਾਵੇ।ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ ਪੀਐਸਪੀਸੀਐਲ ਵੱਲੋਂ ਵੱਖ ਵੱਖ ਕੰਪਨੀਆਂ ਨਾਲ ਸੀਮਿੰਟ ਕੰਕਰੀਟ ਦੇ ਖੰਭਿਆਂ ਉੱਤੇ ਕੇਬਲ ਪਾਉਣ ਸਬੰਧੀ ਕੀਤੇ ਗਏ ਐਗਰੀਮੈਂਟ ਦੀ ਕਾਪੀ ਮੁਹੱਈਆ ਕਰਵਾਈ ਜਾਵੇ, ਵੱਖ ਵੱਖ ਕੰਪਨੀਆਂ ਵੱਲੋਂ ਸ਼ਹਿਰ ਵਿਚ ਸੀਮਿੰਟ ਕੰਕਰੀਟ ਖੰਭਿਆਂ ਤੇ ਪਾਈ ਗਈ ਕੇਬਲ ਦੀ ਰੂਟ ਲੰਬਾਈ ਆਦਿ ਦੀ ਡਿਟੇਲ ਮੁਹੱਈਆ ਕਰਵਾਈ ਜਾਵੇ  ਅਤੇ ਪੀਐੱਸਪੀਸੀਐੱਲ ਵਿਭਾਗ ਵੱਲੋਂ ਵੱਖ ਵੱਖ ਕੰਪਨੀਆਂ ਦੁਆਰਾ ਸ਼ਹਿਰ ਵਿਚ ਸੀਮਿੰਟ ਕੰਕਰੀਟ ਦੇ ਖੰਭਿਆਂ ਉੱਤੇ ਕੇਬਲ ਪਾਉਣ ਲਈ ਅੱਜ ਤਕ ਵਸੂਲ ਕੀਤੀ ਗਈ ਫ਼ੀਸ ਦੀ ਰਕਮ ਦੀ ਡਿਟੇਲ ਰੂਟ ਮੁਤਾਬਕ ਮੁਹੱਈਆ ਕਰਵਾਈ ਜਾਵੇ।ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੂਰੇ ਸ਼ਹਿਰ ਵਿਚ ਬਿਜਲੀ ਦੇ ਖੰਭਿਆਂ ਉੱਤੇ ਵੱਖ ਵੱਖ ਕੰਪਨੀ ਦੀਆਂ ਕੇਬਲ ਦੀਆਂ ਤਾਰਾਂ ਦੇ ਗੁੱਛੇ ਲਮਕਦੇ ਦਿਖਾਈ ਦਿੰਦੇ ਹਨ ਜੋ ਕਿ ਸ਼ਹਿਰ ਨੂੰ ਬਹੁਤ  ਮਾੜੀ ਦਿੱਖ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਿਜਲੀ ਵਿਭਾਗ ਤੋਂ ਸੂਚਨਾ ਦੇ ਤਹਿਤ ਜਾਣਕਾਰੀ ਇਸ ਕਰਕੇ ਮੰਗੀ ਹੈ ਕਿਉਂਕਿ ਮੋਹਾਲੀ ਸ਼ਹਿਰ ਵਿਚ ਬਿਜਲੀ ਦੇ ਖੰਭੇ ਪੀਐੱਸਪੀਸੀਐੱਲ ਵਿਭਾਗ ਵੱਲੋਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਨਗਰ ਨਿਗਮ ਵੱਲੋਂ ਅਗਲੇਰੀ ਕਾਰਵਾਈ ਆਰੰਭ ਕੀਤੀ ਜਾਵੇਗੀ।

Leave a Reply

Your email address will not be published. Required fields are marked *