ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਵਿੱਚ ਸਰਕਾਰ ਵੱਲੋਂ ਮਾਈਨਿੰਗ ਪਾਲਸੀ ਲਾਗੂ ਨਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਨੱਕ ਹੇਠ ਕੁਝ ਸਿਆਸੀ ਸ਼ਹਿ ਪ੍ਰਾਪਤ ਵਿਅਕਤੀਆਂ ਵਲੋਂ ਮੁਹਾਲੀ ਦੇ ਵਿੱਚੋ-ਵਿੱਚ ਪੈਂਦੇ ਫੇਸ-8 ਵਿਚ ਮਿਕਸਰ ਪਲਾਂਟ ਸ਼ਰੇਆਮ ਚਲਾਏਂ ਜਾ ਰਿਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਸਮੇਂ ਆਮ ਲੋਕਾਂ ਨੂੰ ਆਪਣੇ ਘਰ ਬਣਾਉਣ ਲਈ ਰੇਤਾ ਬੱਜਰੀ 40 ਰੁਪਏ ਤੋਂ 50 ਰੁਪਏ ਫੁੱਟ ਤੱਕ ਵੀ ਨਹੀਂ ਮਿਲ ਰਿਹਾ। ਪ੍ਰੰਤੂ ਇਨ੍ਹਾਂ ਲੋਕਾਂ ਕੋਲ ਹਜ਼ਾਰਾਂ ਫੁੱਟ ਰੇਤਾ ਆਮ ਪਿਆ ਦਿਖਾਈ ਦੇ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਲੋਕਾਂ ਨੂੰ ਵਾਜਬ ਰੇਟ ਤੇ ਰੇਤਾ ਬੱਜਰੀ ਮੁਹਈਆ ਕਰਵਾਈ ਜਾਵੇਗੀ। ਪ੍ਰੰਤੂ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੇਂ ਨੂੰ ਲੱਗਭੱਗ ਦੋ ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਅੱਜ ਵੀ ਪੰਜਾਬ ਵਿੱਚ ਆਮ ਲੋਕ ਰੇਤਾ ਅਤੇ ਬਜਰੀ ਲੈਣ ਲਈ ਦਰ-ਬ-ਦਰ ਜਾ ਰਹੇ ਹਨ ਪ੍ਰੰਤੂ ਮਿਕਸਰ ਪਲਾਂਟਾਂ ਨੂੰ ਅੱਜ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਅੱਜ ਵੀ ਰੇਤਾ ਅਤੇ ਬਜਰੀ ਉਸੇ ਤਰ੍ਹਾਂ ਸਪਲਾਈ ਹੋ ਰਿਹਾ ਹੈ, ਅਤੇ ਇਹ ਲੋਕ ਅੱਜ ਵੀ ਬਿਨਾਂ ਕਿਸੇ ਡਰ ਅਤੇ ਰੋਕ ਟੋਕ ਤੋਂ ਆਪਣੇ ਮਿਕਸਰ ਪਲਾਂਟ ਧੜੱਲੇ ਨਾਲ ਚਲਾ ਰਹੇ ਹਨ ਜਿਸ ਤੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਸਿਰਫ਼ ਸਰਕਾਰਾਂ ਹੀ ਬਦਲੀਆਂ ਹਨ ਪਰੰਤੂ ਮਾਈਨਿੰਗ ਮਾਫ਼ੀਆ ਅੱਜ ਵੀ ਉਸੇ ਤਰ੍ਹਾਂ ਅਪਣਾ ਕੰਮ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਪੰਜਾਬ ਵਿਚ ਨਵੀਂ ਮਾਇਨਿੰਗ ਪਾਲਿਸੀ ਲਾਗੂ ਕਰਨ ਬਾਰੇ ਕਿਹਾ ਜਾ ਰਿਹਾ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਸਹੀ ਰੇਟ ਤੇ ਰੇਤਾ-ਬਜਰੀ ਮਿਲ ਸਕੇ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜੇਕਰ ਪੰਜਾਬ ਵਿਚ ਇਸ ਸਮੇਂ ਮਾਇਨਿੰਗ ਪਾਲਿਸੀ ਲਾਗੂ ਨਹੀਂ ਹੋਈ ਤਾਂ ਇਹਨਾਂ ਮਿਕਸਰ ਪਲਾਂਟਾਂ ਨੂੰ ਰੇਤਾ-ਬਜਰੀ ਕਿੱਥੋਂ ਆ ਰਿਹਾ ਹੈ ਜੋ ਇਕ ਜਾਂਚ ਦਾ ਵਿਸ਼ਾ ਹੈ। ਹਾਲਾਕਿ ਮਾਈਨਿੰਗ ਵਿਭਾਗ ਵੱਲੋਂ ਪਿਛਲੇ ਦਿਨੀਂ ਸਖ਼ਤੀ ਵਿਖਾਉਂਦੇ ਹੋਏ ਮੋਹਾਲੀ,ਰੋਪੜ ਅਤੇ ਪਠਾਨਕੋਟ ਦੇ ਮਾਈਨਿੰਗ ਅਧਿਕਾਰੀਆਂ ਤੇ ਕਾਰਵਾਈ ਕੀਤੀ ਗਈ ਸੀ, ਪ੍ਰੰਤੂ ਹੁਣ ਦੇਖਣਾ ਇਹ ਹੋਵੇਗਾ ਕਿ ਮਾਈਨਿੰਗ ਵਿਭਾਗ ਸ਼ਹਿਰ ਦੇ ਵਿੱਚੋ-ਵਿੱਚ ਪੁਲਿਸ ਪ੍ਰਸ਼ਾਸਨ ਦੀ ਨੱਕ ਹੇਠ ਚੱਲ ਰਹੇ ਅਜਿਹੇ ਮਿਕਸਰ ਪਲਾਂਟ ਚਲਾਉਣ ਵਾਲਿਆਂ ਤੇ ਕਿਸ ਤਰਾਂ ਦੀ ਕਾਰਵਾਈ ਕਰਦਾ ਹੈ।