ਚੰਡੀਗਡ਼੍ਹ (ਬਿਊਰੋ) ਭਾਰਤ ਨਿਊਜ਼ਲਾਈਨ:-ਪੰਜਾਬ ਦੀ ਪਹਿਲੀ ਪੰਜਾਬੀ ਗਾਇਕਾ ਮਨਿੰਦਰ ਦਿਓਲ ਕੈਲੇਫੋਰਨੀਆਂ ਵਿਖੇ ਕਰਵਾਏ ਗਏ ਸੁੰਦਰਤਾ ਮੁਕਾਬਲੇ ਵਿੱਚ ਟਾਪ ਮਾਡਲ ਦੀ ਸ਼੍ਰੇਣੀ ਵਿੱਚ ਨਾਮਜ਼ਦ ਹੋਈ। ਪੰਜਾਬ ਦੀ ਗਾਇਕਾ ਮਨਿੰਦਰ ਦਿਓਲ ਨੇ ਕੈਲੇਫੋਰਨੀਆਂ ਦੇ ਸ਼ਹਿਰ ਫਰੀਮੌਂਟ ਵਿਖੇ ‘ਮਿਸ ਯੂਨੀਵਰਸ ਹਰਨਾਜ਼ ਸੰਧੂ’ ਦੇ ‘ਮੀਟ ਐਂਡ ਗਰੀਟ’ ਪ੍ਰੋਗਰਾਮ ਵਿੱਚ ਟਾੱਪ ਮਾਡਲ ਵਜੋਂ ਸ਼ਿਰਕਤ ਕੀਤੀ ਜਿਸ ਵਿੱਚ ਕਿ ਖਰਡ਼ ਨਿਵਾਸੀ ਮਿਸ ਯੂਨੀਵਰਸ ਹਰਨਾਜ਼ ਸੰਧੂ ਵੀ ਸ਼ਾਮਿਲ ਹੋਏ।
ਪੰਜਾਬ ਦੇ ਜ਼ਿਲ੍ਹਾ ਮੋਹਾਲੀ ਅਧੀਨ ਆਉਂਦੇ ਖਰਡ਼ ਸ਼ਹਿਰ ਦੀ ਵਸਨੀਕ ਗਾਇਕਾ ਮਨਿੰਦਰ ਦਿਓਲ ਨੇ ਦੱਸਿਆ ਕਿ ਟਾਪ ਮਾਡਲ ਬਣਨ ਲਈ ਜ਼ਰੂਰੀ ਨਹੀਂ ਕਿ ਛੋਟੇ ਕੱਪਡ਼ੇ ਪਾ ਕੇ ਹੀ ਪ੍ਰਦਰਸ਼ਨ ਕੀਤਾ ਜਾਵੇ ਬਲਕਿ ਆਪਣੇ ਵਧੀਆ ਅਤੇ ਸੱਭਿਆਚਾਰਕ ਪਹਿਰਾਵੇ ਪਹਿਨ ਕੇ ਵੀ ਦਰਸ਼ਕਾਂ ਦੀ ਵਾਹੋਵਾਹੀ ਖੱਟੀ ਜਾ ਸਕਦੀ ਹੈ ਅਤੇ ਨੌਜਵਾਨ ਪੀਡ਼੍ਹੀ ਨੂੰ ਆਪਣੇ ਸੱਭਿਆਚਾਰ ਵਿੱਚ ਰੰਗਣ ਲਈ ਇੱਕ ਵਧੀਆ ਸੰਦੇਸ਼ ਵੀ ਪਹੁੰਚਾਇਆ ਜਾ ਸਕਦਾ ਹੈ। ਦਿਓਲ ਨੇ ਦੱਸਿਆ ਕਿ ਉਹ ਵਿਦੇਸ਼ ਦੀ ਧਰਤੀ ਉਤੇ ਰਹਿ ਕੇ ਵੀ ਆਪਣੀ ਸ਼ਰਤ ਮੁਤਾਬਕ ਪੰਜਾਬੀਅਤ ਨੂੰ ਕਾਇਮ ਰੱਖਦੇ ਹੋਏ ਪ੍ਰੋਗਰਾਮ ਵਿੱਚ ਸ਼ਾਮਿਲ ਹੋਈ। ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਦੀ ਗੱਲ ਕਰਦਿਆਂ ਦਿਓਲ ਨੇ ਕਿਹਾ ਕਿ ਇਨਸਾਨ ਦੀ ਸੋਚ ਅਤੇ ਵਿਚਾਰ ਉਸ ਦਾ ਕਿਰਦਾਰ ਬਣਾਉਂਦੇ ਹਨ। ਏ.ਡੀ. ਸੋਢੀ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਸਨ ਜਦਕਿ ਗਾਇਕ ਜੱਸੀ ਅਤੇ ਬੋਹੇਮਾਜਰਾ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ।
ਕੈਲੇਫੋਰਨੀਆਂ ਦੇ ਸੈਕਰਾਮੈਂਟੋ ਸ਼ਹਿਰ ਵਿੱਚ ਤੀਆਂ ਦੇ ਪ੍ਰੋਗਰਾਮ ਕਰਵਾ ਰਹੀ ਹੈ ਅਤੇ ਇੱਧਰੋਂ ਜਾਣ ਵਾਲੇ ਪੰਜਾਬੀ ਕਲਾਕਾਰਾਂ ਦੇ ਪ੍ਰੋਗਰਾਮ ਵੀ ਆਰਗੇਨਾਈਜ਼ ਕਰਵਾ ਕੇ ਪੰਜਾਬੀ ਸੱਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ।