
ਮੁਹਾਲੀ (ਬਿਊਰੋ) ਭਾਰਤ ਨਿਊਜ਼ਲਾਈਨ:-ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਫੇਝ 3 ਬੀ ਵਨ ਦੇ ਸਰਕਾਰੀ ਹਸਪਤਾਲ ਨੂੰ ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਲਈ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਜੇਕਰ ਇਥੋਂ ਹਸਪਤਾਲ ਨੂੰ ਬੰਦ ਕੀਤਾ ਗਿਆ ਤਾਂ ਇਸ ਦਾ ਹਰ ਪੱਧਰ ਤੇ ਵਿਰੋਧ ਕੀਤਾ ਜਾਏਗਾ ਅਤੇ ਧਰਨਿਆਂ ਅਤੇ ਰੋਸ ਪ੍ਰਗਟਾਵੇ ਦੇ ਨਾਲ ਨਾਲ ਅਦਾਲਤ ਦਾ ਬੂਹਾ ਵੀ ਖੜਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਲਿਵਰ ਅਤੇ ਬਾਈਲਰੀ ਸਾਇੰਸਜ਼ ਇੰਸਟੀਚਿਊਟ ਦੇ ਖ਼ਿਲਾਫ਼ ਨਹੀਂ ਹਨ ਅਤੇ ਇਸ ਦਾ ਸਵਾਗਤ ਕਰਦੇ ਹਨ ਪਰ ਇਸ ਦੀ ਕੀਮਤ ਉੱਤੇ ਹਸਪਤਾਲ ਬੰਦ ਨਹੀਂ ਹੋਣਾ ਚਾਹੀਦਾ ਅਤੇ ਜੇਕਰ ਇੰਸਟੀਚਿਊਟ ਅਤੇ ਲਿਆਉਣਾ ਹੈ ਤਾਂ ਇੱਥੇ ਬਥੇਰੀ ਥਾਂ ਖਾਲੀ ਪਈ ਹੈ ਜਿੱਥੇ ਇੰਸਟੀਚਿਊਟ ਬਣਾਇਆ ਜਾ ਸਕਦਾ ਹੈ ਜਾਂ ਨਾਲ ਵਾਲੀ ਬਿਲਡਿੰਗ ਵਿਚ ਸ਼ਿਫਟ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੜੀ ਮਿਹਨਤ ਕਰਕੇ ਪਿਛਲੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਰਾਹੀਂ ਇਸ ਡਿਸਪੈਂਸਰੀ ਨੂੰ ਅਪਗਰੇਡ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇੱਥੇ ਉੱਚ ਕੋਟੀ ਦੇ ਡਾਕਟਰ ਹਨ ਅਤੇ ਰੋਜ਼ਾਨਾ ਡੇਢ ਸੌ ਦੇ ਕਰੀਬ ਇਲਾਕੇ ਦੇ ਮਰੀਜ਼ ਇੱਥੇ ਆਉਂਦੇ ਹਨ। ਇਸ ਤੋਂ ਇਲਾਵਾ ਇੱਥੇ ਗਰਭਵਤੀ ਔਰਤਾਂ ਵੀ ਆਉਂਦੀਆਂ ਹਨ, ਕੋਰੋਨਾ ਦੇ ਟੀਕੇ ਵੀ ਲੱਗਦੇ ਹਨ ਅਤੇ ਟੈਸਟ ਵੀ ਹੁੰਦੇ ਹਨ ਤੇ ਇਸ ਦੇ ਨਾਲ ਨਾਲ ਡੇਂਗੂ ਦਾ ਇਲਾਜ ਵੀ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਇੱਥੋਂ ਦੀਆਂ ਸੇਵਾਵਾਂ ਨੂੰ ਅਪਗਰੇਡ ਕਰਨ ਦੀ ਥਾਂ ਤੇ ਇੱਥੋਂ ਡਾਕਟਰਾਂ ਨੂੰ ਤਬਦੀਲ ਕਰਨ ਸਬੰਧੀ ਪੱਤਰ ਕੱਢਿਆ ਗਿਆ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਤੇ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਕਰ ਇਥੇ ਹਸਪਤਾਲ ਬੰਦ ਹੁੰਦਾ ਹੈ ਤਾਂ ਇਹ ਇਲਾਕੇ ਦੇ ਲੋਕਾਂ ਨਾਲ ਬੜਾ ਵੱਡਾ ਧੋਖਾ ਹੋਵੇਗਾ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਜਿੱਥੇ ਸੰਸਥਾ ਚ ਲੋਕਾਂ ਦਾ ਮੁਫਤ ਇਲਾਜ ਹੋ ਰਿਹਾ ਹੈ ਉਥੇ ਲਿਵਰ ਤੇ ਬਾਈਲਰੀ ਇੰਸਟੀਚਿਊਟ ਵਿੱਚ ਇਲਾਜ ਵਾਸਤੇ ਲੋਕਾਂ ਨੂੰ ਭਾਰੀ ਕੀਮਤ ਅਦਾ ਕਰਨੀ ਪਵੇਗੀ।ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਡਿਪਟੀ ਮੇਅਰ ਵਜੋਂ ਜਾਂ ਕੌਂਸਲਰ ਵਜੋਂ ਨਹੀਂ ਸਗੋਂ ਇਕ ਸ਼ਹਿਰੀ ਵਜੋਂ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਲੜਾਈ ਲੜਨਗੇ। ਉਨ੍ਹਾਂ ਵੱਖ ਵੱਖ ਪਾਰਟੀਆਂ ਦੇ ਸਮੁੱਚੇ ਸਿਆਸੀ ਆਗੂਆਂ ਦੇ ਨਾਲ ਨਾਲ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਮੇਤ ਸਮੁੱਚੇ ਆਪ ਆਗੂਆਂ ਅਤੇ ਵਰਕਰਾਂ ਨੂੰ ਵੀ ਬੇਨਤੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸਿਆਸਤ ਨੂੰ ਛੱਡ ਕੇ ਇਕ ਮੰਚ ਤੇ ਇਕੱਠੇ ਹੋਣ ਅਤੇ ਇਸ ਹਸਪਤਾਲ ਨੂੰ ਇਥੋਂ ਸ਼ਿਫਟ ਨਾ ਕੀਤਾ ਜਾਵੇ ਇਸ ਲਈ ਆਪਣੀ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਿਹਤ ਮੰਤਰੀ ਨੂੰ ਮਿਲਣਗੇ ਅਤੇ ਮੰਗ ਪੱਤਰ ਸੌਂਪਣਗੇ ਤੇ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਉਹ ਅਦਾਲਤ ਦਾ ਬੂਹਾ ਖੜਕਾਉਣ ਤੋਂ ਪ੍ਰਹੇਜ਼ ਨਹੀਂ ਕਰਨਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।