ਨਵੀਂ ਦਿੱਲੀ( ਬਿਊਰੋ) ਭਾਰਤ ਨਿਊਜ਼ਲਾਈਨ:- ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਏ ਯਾਤਰੀ ਹੁਣ ਸਾਡੇ ਵਿੱਚ ਨਹੀਂ ਰਹੇ। ਵੀਰਵਾਰ ਨੂੰ, ਪਣਡੁੱਬੀ ਦੀ ਕੰਪਨੀ ਓਸ਼ਨ ਗੇਟ ਨੇ ਕਿਹਾ ਕਿ ਸਾਰੇ ਪੰਜ ਯਾਤਰੀਆਂ ਦੀ ਮੌਤ ਹੋ ਗਈ ਹੈ। ਉਸਨੇ ਕਿਹਾ ਕਿ ਸਾਨੂੰ ਇਨ੍ਹਾਂ ਲੋਕਾਂ ਦੀ ਮੌਤ ਦਾ ਬਹੁਤ ਦੁੱਖ ਹੈ। ਦਰਅਸਲ, ਪਣਡੁੱਬੀ ਅਪ੍ਰੈਲ 1912 ਵਿਚ ਅਟਲਾਂਟਿਕ ਮਹਾਸਾਗਰ ਵਿਚ ਡੁੱਬੇ ਟਾਈਟੈਨਿਕ ਜਹਾਜ਼ ਦੇ ਮਲਬੇ ਦੀ ਭਾਲ ਵਿਚ ਗਈ ਸੀ।ਪਣਡੁੱਬੀ ਦੇ ਮਾਲਕ ਨੇ ਯਾਤਰੀਆਂ ਬਾਰੇ ਕਿਹਾ ਕਿ ਯਾਤਰੀ ਸੱਚੇ ਖੋਜੀ ਸਨ। ਯਾਤਰੀਆਂ ਵਿੱਚ ਸਾਹਸ ਅਤੇ ਸਮੁੰਦਰਾਂ ਦੀ ਖੋਜ ਕਰਨ ਦਾ ਜਨੂੰਨ ਸੀ। ਇਸ ਦੁੱਖ ਦੀ ਘੜੀ ਵਿੱਚ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਦੁੱਖ ‘ਚ ਸ਼ਰੀਕ ਹਾਂ। ਸਾਨੂੰ ਇਸ ਲਈ ਅਫ਼ਸੋਸ ਹੈ। ਤੁਹਾਨੂੰ ਦੱਸ ਦੇਈਏ ਕਿ ਪਣਡੁੱਬੀ ਐਤਵਾਰ ਸਵੇਰੇ 6 ਵਜੇ ਉੱਤਰੀ ਅਟਲਾਂਟਿਕ ਵਿੱਚ ਆਪਣੀ ਯਾਤਰਾ ਲਈ ਰਵਾਨਾ ਹੋਈ ਸੀ। ਉਸ ਸਮੇਂ ਚਾਲਕ ਦਲ ਕੋਲ ਚਾਰ ਦਿਨਾਂ ਦੀ ਆਕਸੀਜਨ ਸੀ। ਮੁਹਿੰਮ ਵਿੱਚ 96 ਘੰਟੇ ਬੀਤ ਚੁੱਕੇ ਸਨ ਅਤੇ ਪਣਡੁੱਬੀ ਵਿੱਚ ਆਕਸੀਜਨ ਖਤਮ ਹੋ ਗਈ ਸੀ।